ਪੀ ਏ ਯੂ ਦੇ ਕਮਿਊਨਿਟੀ ਸਾਇੰਸ ਕਾਲਜ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਲੁਧਿਆਣਾ 16 ਫਰਵਰੀ, 2024(ਅਮਰੀਕ ਸਿੰਘ ਪ੍ਰਿੰਸ)
ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਬਸੰਤ ਉਤਸਵ ਦੇ ਜਸ਼ਨ ਦਾ ਆਯੋਜਨ ਕੀਤਾ। ਇਸ ਸਮਾਗਮ ਵਿਚ ਕਾਲਜ ਦੇ ਮਾਹਿਰ, ਸਟਾਫ਼ ਅਤੇ ਵਿਦਿਆਰਥੀ ਇਕੱਤਰ ਹੋਏ। ਸਮਾਗਮ ਦੌਰਾਨ ਖੁਸ਼ਨੁਮਾ ਮਾਹੌਲ ਸੀ ਜਿਸਨੇ ਪੰਜਾਬ ਦੇ ਰੰਗੀਨ ਸੱਭਿਆਚਾਰਕ ਵਿਰਸੇ ਦੀ ਝਲਕ ਪੇਸ਼ ਕੀਤੀ।
ਸਮਾਰੋਹ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ । ਆਪਣੇ ਸੰਬੋਧਨ ਵਿੱਚ ਡਾ. ਗੋਸਲ ਨੇ ਬਸੰਤ ਉਤਸਵ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਲਈ ਕਾਲਜ ਦੀ ਤਾਰੀਫ਼ ਕਰਦਿਆਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਸੰਭਾਲ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤਰੀ ਰਵਾਇਤਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੀ ਮਹੱਤਤਾ ਬਾਰੇ ਕਿਹਾ। ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਪਛਾਣ ਨੂੰ ਅਪਣਾਉਣ ਅਤੇ ਮਨਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਬਸੰਤ ਉਤਸਵ ਬਸੰਤ ਦੀ ਆਮਦ ਅਤੇ ਸਰ੍ਹੋਂ ਦੇ ਖੇਤਾਂ ਦੇ ਖਿੜਨ ਦਾ ਸਮਾਨਾਰਥੀ ਹੈ। ਇਸ ਲਈ ਖੇਤਾਂ ਦੀ ਰੌਣਕ ਦਾ ਪ੍ਰਤੀਕ ਪੀਲੇ ਪਹਿਰਾਵੇ ਨੂੰ ਮੰਨਿਆ ਜਾਂਦਾ ਹੈ। ਇਹ ਦਿਨ ਖੁਸ਼ੀ ਅਤੇ ਨਵੀਂ ਸ਼ੁਰੂਆਤ ਦੀ ਭਾਵਨਾ ਨਾਲ ਨਾਲ ਭਰਪੂਰ ਰਿਹਾ ਹੈ ਜਿਸ ਵਿੱਚ ਸੰਗੀਤ, ਗਾਉਣ ਅਤੇ ਨੱਚਣਾ ਸ਼ਾਮਲ ਸੀ।
ਸਮਾਗਮ ਵਿੱਚ ਗੀਤਾਂ, ਕਵਿਤਾਵਾਂ ਅਤੇ ਨਾਚ ਸਮੇਤ ਮਨਮੋਹਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਸ ਤੋਂ ਬਾਅਦ ਹਾਜ਼ਰੀਨ ਨੇ ਰਵਾਇਤੀ ਮਿਠਾਈਆਂ ਦਾ ਆਨੰਦ ਮਾਣਿਆ । ਵਿਦਿਆਰਥੀਆਂ ਲਈ ਇੱਕ ਵਾਧੂ ਰੁਝੇਵੇਂ ਵਜੋਂ, ਇੱਕ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ । ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਵਿਦਿਆਰਥੀਆਂ ਨੇ ਖਾਣ-ਪੀਣ ਦੀਆਂ ਚੀਜ਼ਾਂ, ਕਲਾ ਅਤੇ ਸ਼ਿਲਪ ਅਤੇ ਖੇਡਾਂ ਦੇ ਸਟਾਲ ਲਗਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਵਿਚਕਾਰ ਹੋਏ ਰੱਸਾਕਸ਼ੀ ਅਤੇ ਮਿਊਜ਼ੀਕਲ-ਚੇਅਰ ਮੁਕਾਬਲਿਆਂ ਹਾਜ਼ਰ ਲੋਕਾਂ ਨੇ ਉਤਸ਼ਾਹ ਨਾਲ ਮਾਣਿਆ।
ਡਾ: ਸ਼ਿਵਾਨੀ ਰਾਣਾ ਅਤੇ ਡਾ: ਪ੍ਰਾਚੀ ਬਿਸ਼ਟ, ਸਲਾਹਕਾਰ, ਹੋਮ ਸਾਇੰਸ ਐਸੋਸੀਏਸ਼ਨ ਪ੍ਰੋਗਰਾਮ ਦੇ ਕੋਆਰਡੀਨੇਟਰ ਸਨ। ਫੈਕਲਟੀ ਵਿੱਚੋਂ ਡਾ: ਸੁਰਭੀ ਮਹਾਜਨ ਅਤੇ ਡਾ.ਅਮਰਜੀਤ ਕੌਰ ਨੂੰ ਸਰਵੋਤਮ ਭਾਗੀਦਾਰ ਕਰਾਰ ਦਿੱਤਾ ਗਿਆ, ਜਦੋਂ ਕਿ ਵਿਦਿਆਰਥੀਆਂ ਵਿੱਚੋਂ ਸ਼ਰੂਤੀ ਅਤੇ ਅਯਾਨ ਨੂੰ ਇਹ ਇਨਾਮ ਮਿਲੇ।
ਡਾ. ਕਿਰਨ ਬੈਂਸ, ਡੀਨ, ਕਾਲਜ ਆਫ਼ ਕਮਿਊਨਿਟੀ ਸਾਇੰਸ, ਨੇ ਆਪਣੇ ਧੰਨਵਾਦ ਦੇ ਸ਼ਬਦਾਂ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਵਲੋਂ ਸੱਭਿਆਚਾਰਕ ਕਾਰਜਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਇਸ ਸਮਾਰੋਹ ਦੀ ਸਿਫਤ ਕਰਦਿਆਂ ਪ੍ਰਬੰਧਕੀ ਕਮੇਟੀ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।