ਪੀ.ਏ.ਯੂ. ਵਿਚ ਮਾਤ ਭਾਸ਼ਾ ਦਿਵਸ ਬਾਰੇ ਵਿਸ਼ੇਸ਼ ਇਕੱਤਰਤਾ ਵਿਚ ਮਾਤ ਭਾਸ਼ਾ ਦੇ ਮਹੱਤਵ ਸੰਬੰਧੀ ਵਿਚਾਰਾਂ ਹੋਈਆਂ
ਲੁਧਿਆਣਾ 21 ਫਰਵਰੀ, 2024 (ਅਮਰੀਕ ਸਿੰਘ ਸੱਗੂ)
ਅੱਜ ਪੀ.ਏ.ਯੂ. ਵਿਚ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਨੇ ਗੈਰ ਸਰਕਾਰੀ ਸੰਸਥਾ ਸੇਵਾ ਸੰਕਲਪ ਸੁਸਾਇਟੀ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਮਾਰੋਹ ਕਰਵਾਇਆ। ਮਾਤ ਭਾਸ਼ਾ ਦਿਵਸ ਦੇ ਸੰਬੰਧ ਵਿਚ ਕਰਵਾਏ ਗਏ ਇਸ ਸਮਾਰੋਹ ਵਿਚ ਨਾਮਵਰ ਹਸਤੀਆਂ ਨੇ ਭਾਗ ਲਿਆ। ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਸ਼ਾਮਿਲ ਹੋਏ। ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਵਾਲਿਆਂ ਵਿਚ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਆਈ ਏ ਐੱਸ ਅਤੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਮੁੱਖ ਸਨ। ਇਸ ਸਮਾਗਮ ਦਾ ਆਯੋਜਨ ਕਰਨ ਵਿਚ ਉੱਘੇ ਕੁਦਰਤ ਲੇਖਕ ਅਤੇ ਸਮਾਜਿਕ ਕਰਮੀ ਸ਼੍ਰੀ ਹਰਪ੍ਰੀਤ ਸੰਧੂ, ਸਾਬਕਾ ਵਧੀਕ ਐਡਵੋਕੇਟ ਜਨਰਲ ਪੰਜਾਬ ਨੇ ਭਰਪੂਰ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉੱਚ ਅਧਿਕਾਰੀ, ਕਾਲਜਾਂ ਦੇ ਡੀਨ, ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਏ।
ਮੁੱਖ ਮਹਿਮਾਨ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਮਾਤ ਭਾਸ਼ਾ ਰਾਹੀਂ ਕਿਸੇ ਮਨੁੱਖ ਦੇ ਸਰਵਪੱਖੀ ਵਿਕਾਸ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਮੁੱਢਲੇ ਦੌਰ ਵਿਚ ਵਿਅਕਤੀ ਦੀ ਸਿੱਖਿਆ ਮਾਤ ਭਾਸ਼ਾ ਰਾਹੀਂ ਹੀ ਹੋ ਸਕਦੀ ਹੈ। ਸ਼੍ਰੀਮਤੀ ਸਾਹਨੀ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਜਦੋਂ ਪੰਜਾਬੀ ਮਾਤ ਭਾਸ਼ਾ ਦੇ ਸੰਪਰਕ ਵਿਚ ਆਏ ਤਾਂ ਉਹਨਾਂ ਨੇ ਇਸਨੂੰ ਹੋਰ ਗੰਭੀਰਤਾ ਨਾਲ ਜਾਨਣ ਲਈ ਕੋਸ਼ਿਸ਼ਾਂ ਕੀਤੀਆਂ। ਕਿਸੇ ਭਾਸ਼ਾ ਰਾਹੀਂ ਸੱਭਿਆਚਾਰਕ ਜਾਣ-ਪਛਾਣ ਕਰਵਾਉਣ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਨੇ ਮੌਜੂਦਾ ਸਮੇਂ ਵਿਚ ਖੇਤਰੀ ਭਸ਼ਾਵਾਂ ਦੇ ਮਹੱਤਵ ਨੂੰ ਦ੍ਰਿੜ ਕਰਾਇਆ। ਉਹਨਾਂ ਕਿਹਾ ਕਿ ਵੱਖ-ਵੱਖ ਮੌਕਿਆਂ ਤੇ ਜੋ ਸਕੂਨ ਅਤੇ ਮਾਨਸਿਕ ਤਸੱਲੀ ਮਾਤ ਭਾਸ਼ਾਈ ਸੰਕਲਪਾਂ ਵਿੱਚੋਂ ਮਿਲਦੀ ਹੈ ਉਹ ਦੂਸਰੀਆਂ ਭਾਸ਼ਾਵਾਂ ਤੋਂ ਮਿਲਣੀ ਅਸੰਭਵ ਹੈ। ਉਹਨਾਂ ਨੇ ਸਬਰ, ਸ਼ੁਕਰ ਅਤੇ ਚੜ੍ਹਦੀ ਕਲਾ ਵਰਗੇ ਪ੍ਰਸੰਗਾਂ ਰਾਹੀਂ ਮਾਤ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਭਾਸ਼ਾਵਾਂ ਰਾਹੀਂ ਮਨੁੱਖ ਦੇ ਵਿਕਾਸ ਬਾਰੇ ਇਤਿਹਾਸਕ ਨਜ਼ਰੀਏ ਤੋਂ ਗੱਲ ਕੀਤੀ। ਉਹਨਾਂ ਕਿਹਾ ਕਿ ਸੰਸਥਾਵਾਂ ਨੂੰ ਰਲ ਮਿਲ ਕੇ ਪੰਜਾਬੀ ਨੂੰ ਗਿਆਨ-ਵਿਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਨਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਸ ਸੰਬੰਧ ਵਿਚ ਸਮਾਜਿਕ ਪਾਲਣ-ਪੋਸ਼ਣ ਅਤੇ ਭਾਸ਼ਾ ਦਾ ਜ਼ਿਕਰ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਭਾਸ਼ਾ ਮਨੁੱਖ ਨੂੰ ਮਾਂ ਵਾਂਗ ਪਾਲਦੀ ਅਤੇ ਆਸ ਪਾਸ ਦੀ ਦੁਨੀਆਂ ਤੋਂ ਜਾਣੂੰ ਕਰਵਾਉਂਦੀ ਹੈ। ਇਸ ਲਿਹਾਜ਼ ਨਾਲ ਦੁਨੀਆਂ ਨਾਲ ਵਾਕਫੀ ਦਾ ਅਧਾਰ ਮਾਤ ਭਾਸ਼ਾ ਹੀ ਬਣਦੀ ਹੈ। ਡਾ. ਗੋਸਲ ਨੇ ਭਾਸ਼ਾਈ ਵਿਭਿੰਨਤਾ ਅਤੇ ਮਾਤ ਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਇਕ ਭਾਸ਼ਾ ਨਹੀਂ ਬਲਕਿ ਇਤਿਹਾਸ ਵਿਚ ਵਗਦਾ ਮਿਠਾਸ ਦਾ ਦਰਿਆ ਹੈ। ਇਸ ਰਾਹੀਂ ਅਸੀਂ ਅਤੀਤ ਤੋਂ ਮੌਜੂਦਾ ਦੌਰ ਤੱਕ ਪੰਜਾਬੀ ਲੋਕਾਂ ਦੇ ਵਿਕਾਸ ਨੂੰ ਜਾਣ ਸਕਦੇ ਹਾਂ। ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਭਵਿੱਖ ਵਿਚ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਪ੍ਰਣ ਕੀਤੀ। ਉਹਨਾਂ ਕਿਹਾ ਕਿ ਵਿਗਿਆਨਕ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀ.ਏ.ਯੂ. ਨੇ ਪੰਜਾਬੀ ਭਾਸ਼ਾ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ ਪਰ ਇਸ ਸੰਬੰਧ ਵਿਚ ਹੋਰ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ।
ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਵੀ ਪੰਜਾਬੀ ਸਿੱਖਿਆ ਅਤੇ ਭਾਸ਼ਾ ਦਾ ਮਹੱਤਵ ਘੱਟ ਨਹੀਂ ਜਾਂਦਾ। ਪੰਜਾਬੀ ਲੋਕਾਂ ਨੂੰ ਇਕ ਦੂਜੇ ਨਾਲ ਜੋੜਦੀ ਹੈ। ਮਨੁੱਖ ਦੇ ਚਹੁ ਤਰਫਾ ਵਿਕਾਸ ਲਈ ਮਾਤਾ ਭਾਸ਼ਾ ਰਾਹੀਂ ਉਸਦੀ ਸਿੱਖਿਆ ਜ਼ਰੂਰੀ ਹੈ।
ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਕਿਹਾ ਕਿ ਮਾਤ ਭਾਸ਼ਾ ਨੂੰ ਸਿੱਖਿਆ ਦੇ ਨਾਲ-ਨਾਲ ਘਰੇਲੂ ਪੱਧਰ ਤੇ ਅਪਨਾਉਣ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਬੱਚਿਆਂ ਨਾਲ ਗੱਲਬਾਤ ਕਰਦਿਆਂ ਆਪਣੀ ਠੇਠ ਭਾਸ਼ਾ ਦੀ ਵਰਤੋਂ ਕਰਕੇ ਅਸੀਂ ਸਿੱਖਿਆ ਦੌਰਾਨ ਉਹਨਾਂ ਦੇ ਮਨੋਬਲ ਵਿਚ ਵਾਧਾ ਦੇਖ ਸਕਦੇ ਹਾਂ।
ਸ਼੍ਰੀ ਹਰਪ੍ਰੀਤ ਸੰਧੂ ਨੇ ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦਾ ਮੰਤਵ ਹੈ ਕਿ ਪੰਜਾਬੀਆਂ ਦਾ ਆਪਣੀ ਮਾਤ ਭਾਸ਼ਾ ਉੱਪਰ ਭਰੋਸਾ ਬਹਾਲ ਹੋਵੇ। ਇਸਲਈ ਛੋਟੇ ਛੋਟੇ ਯਤਨ ਕਰਕੇ ਵੱਡੀ ਮੁਹਿੰਮ ਉਸਾਰੀ ਜਾ ਸਕੇਗੀ। ਇਸੇ ਕਾਰਜ ਲਈ ਉਹ ਨਾਮ ਤਖਤੀਆਂ ਉੱਪਰ ਪੰਜਾਬੀ ਵਿਚ ਨਾਂ ਲਿਖਣ ਦੀ ਮੁਹਿੰਮ ਉਸਾਰ ਰਹੇ ਹਨ। ਸ਼੍ਰੀ ਸੰਧੂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਵੀ ਇਸ ਮੌਕੇ ਪ੍ਰਦਰਸ਼ਿਤ ਕੀਤੀ ਗਈ।
ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਡਾ. ਨਰਿੰਦਰਪਾਲ ਸਿੰਘ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਕਿਹਾ ਕਿ ਪੰਜਾਬੀਆਂ ਦਾ ਪੰਜਾਬ ਤੋਂ ਹੋ ਰਿਹਾ ਪ੍ਰਵਾਸ ਆਉਣ ਵਾਲੇ ਸਾਲਾਂ ਵਿਚ ਭਾਸ਼ਾ ਦੇ ਪੱਖ ਤੋਂ ਕਈ ਘਾਟਾ ਸਾਹਮਣੇ ਲਿਆਏਗਾ। ਉਹਨਾਂ ਨੇ ਹੋਰ ਭਾਸ਼ਾਵਾਂ ਸਿੱਖਣ ਦੇ ਨਾਲ-ਨਾਲ ਮਾਤ ਭਾਸ਼ਾ ਵਿਚ ਸਿੱਖਿਆ ਅਤੇ ਉਚਾਰ ਲਈ ਯਤਨ ਕੀਤੇ ਜਾਣ ਦੀ ਵਕਾਲਤ ਕੀਤੀ।
ਇਸ ਮੌਕੇ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਇਕ ਸੰਦੇਸ਼ ਪੱਤਰ ਅਤੇ ਇਕ ਵੱਡੀ ਤਸਵੀਰ ਨੂੰ ਜਾਰੀ ਕੀਤਾ ਗਿਆ। ਬਰਤਾਨੀਆ ਵਾਸੀ ਬਲਵਿੰਦਰ ਸਿੰਘ ਜੌਹਲ, ਅਵਤਾਰ ਸਿੰਘ ਢੀਂਡਸਾ, ਡਾ. ਹਰਨੀਸ਼ ਬਿੰਦਰਾ, ਸ਼੍ਰੀ ਦਲਬੀਰ ਸਿੰਘ ਬੇਦੀ ਅਤੇ ਨਵਨੀਤ ਜੈਰਥ ਨੂੰ ਨਾਮ ਤਖਤੀਆਂ ਪੰਜਾਬੀ ਵਿਚ ਦੇ ਕੇ ਮਾਤ ਭਾਸ਼ਾ ਦੇ ਸੁਨੇਹੇ ਨੂੰ ਪ੍ਰਸਾਰਿਤ ਕੀਤਾ ਗਿਆ।