ਪੀ.ਏ.ਯੂ. ਨੇ ਜ਼ਮੀਨੀ ਪੱਧਰ ਦੇ ਖੇਤੀ ਖੋਜੀਆਂ ਅਤੇ ਕਿਸਾਨਾਂ ਲਈ ਜਾਣਕਾਰੀ ਪ੍ਰੋਗਰਾਮ ਕਰਵਾਇਆ

0
H07F
 
ਲੁਧਿਆਣਾ 21 ਫਰਵਰੀ, 2024 ਅਮਰੀਕ ਸਿੰਘ ਸੱਗੂ
ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ ਬੀਤੇ ਦਿਨੀਂ ਇਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਹ ਸੈਸ਼ਨ ਪੰਜਾਬ ਦੇ ਜ਼ਮੀਨ ਪੱਧਰ ਦੇ ਖੋਜੀਆਂ ਨਾਲ ਜਾਣਕਾਰੀ ਕਰਵਾਉਣ ਲਈ ਕੀਤਾ ਗਿਆ। ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੀ ਸਹਾਇਤਾ ਨਾਲ ਹੋਏ ਇਸ ਸਮਾਗਮ ਵਿਚ ਰਾਜ ਦੇ ਕਿਸਾਨਾਂ, ਪੀ.ਏ.ਯੂ. ਦੇ ਵਿਗਿਆਨੀਆਂ ਅਤੇ ਕੇ ਵੀ ਕੇ ਮਾਹਿਰਾਂ ਨੇ ਹਿੱਸਾ ਲਿਆ।
ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਪੰਜਾਬ ਰਾਜ ਵਿਗਿਆਨ ਤਕਨਾਲੋਜੀ ਕੌਂਸਲ ਦੇ ਵਿਗਿਆਨੀ ਡਾ. ਅਲਕੇਸ਼ ਕੰਦੋਰੀਆ ਨੇ ਪੰਜਾਬ ਵਿਚ ਜ਼ਮੀਨੀ ਪੱਧਰ ਤੇ ਖੇਤੀ ਖੋਜ ਰਾਹੀਂ ਪੂਰੇ ਦੇਸ਼ ਵਿਚ ਹੋਏ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸੂਬੇ ਦੀ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਨੇ ਨਵੀਆਂ ਤਕਨਾਲੋਜੀਆਂ ਬਾਰੇ ਵਿਚਾਰ ਨੌਜਵਾਨਾਂ ਤੱਕ ਪਹੁੰਚਾਏ ਅਤੇ ਉਹਨਾਂ ਨੂੰ ਨਵੀਂ ਖੋਜ ਨਾਲ ਜੋੜਿਆ। ਉਹਨਾਂ ਇਹ ਵੀ ਕਿਹਾ ਕਿ 2023 ਵਿਚ ਭਾਰਤ ਦੁਨੀਆਂ ਪੱਧਰ ਤੇ ਖੋਜ ਕਰਨ ਦੇ ਮਾਮਲੇ ਵਿਚ 60 ਵੇਂ ਤੋਂ 40 ਵੇਂ ਸਥਾਨ ਤੇ ਆ ਗਿਆ। ਇਸ ਲੜੀ ਵਿਚ ਪੰਜਾਬ ਦੇਸ਼ ਵਿਚ ਮਾਨਵ ਸੰਸਾਧਨ ਅਤੇ ਤਕਨੀਕੀ ਅਗਵਾਈ ਦੇ ਮਾਮਲੇ ਵਿਚ ਛੇਵੇਂ ਸਥਾਨ ਤੇ ਹੈ। ਉਹਨਾਂ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਪੰਜਾਬੀਆਂ ਦੀ ਉੱਦਮੀ ਭਾਵਨਾ ਨਾਲ ਜੁੜੇ ਰਹਿਣ ਲਈ ਕਿਹਾ। ਇਸ ਮੌਕੇ ਡਾ. ਕੰਦੋਰੀਆ ਨੇ ਰਾਜ ਅਤੇ ਰਾਸ਼ਟਰੀ ਪੱਧਰ ਤੇ ਅਗਾਂਹਵਧੂ ਸੋਚ ਅਪਨਾਉਣ ਵਾਲੇ ਕਿਸਾਨਾਂ ਦੀਆਂ ਮਿਸਾਲਾਂ ਦਿੱਤੀਆਂ। ਉਹਨਾਂ ਕਿਹਾ ਕਿ 7 ਮਾਰਚ 2024 ਤੱਕ ਖੋਜੀ ਕਿਸਾਨ ਆਪਣੀਆਂ ਕਾਢਾਂ ਅਤੇ ਉਤਪਾਦਾਂ ਲਈ ਬਿਨੈਪੱਤਰ ਭੇਜ ਸਕਦੇ ਹਨ।
ਮੁੱਖ ਮਹਿਮਾਨ ਵਜੋਂ ਸਮਾਰੋਹ ਵਿਚ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨ ਆਪਣੇ ਆਪ ਵਿਚ ਖੇਤੀ ਕਾਢ ਦਾ ਸਭ ਤੋਂ ਅਹਿਮ ਅੰਗ ਹੁੰਦਾ ਹੈ। ਉਹਨਾਂ ਕਿਹਾ ਕਿ ਵਿਗਿਆਨ ਦੀਆਂ ਲੱਭਤਾਂ ਨੂੰ ਲਾਗੂ ਕਰਦੇ ਸਮੇਂ ਕਿਸਾਨ ਖੇਤ ਵਿਚ ਜ਼ਰੂਰਤ ਅਨੁਸਾਰ ਸੋਧਾਂ ਕਰ ਵੀ ਲੈਂਦਾ ਹੈ। ਇਸਦੇ ਨਾਲ ਹੀ ਡਾ. ਭੁੱਲਰ ਨੇ ਕਿਸਾਨਾਂ ਨੂੰ ਆਪਣੀਆਂ ਰਾਵਾਂ ਯੂਨੀਵਰਸਿਟੀ ਨਾਲ ਸਾਂਝੇ ਕਰ ਲਈ ਕਿਹਾ ਤਾਂ ਜੋ ਖੇਤੀ ਖੋਜ ਨੂੰ ਢੁੱਕਵੇਂ ਤਰੀਕੇ ਨਾਲ ਵਿਉਂਤਿਆ ਜਾ ਸਕੇ।
ਇੰਜ. ਰਾਜਾ ਰਮੰਨਾ ਸਿੰਘ ਨੇ ਰਾਸ਼ਟਰੀ ਖੋਜੀ ਐਵਾਰਡ ਵਿਚ ਭਾਗ ਲੈਣ ਦੇ ਤਰੀਕੇ ਸਾਂਝੇ ਕੀਤੇ।
ਟੀ ਵੀ ਅਤੇ ਰੇਡੀਓ ਦੇ ਉਪ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਪੀ.ਏ.ਯੂ. ਵੱਲੋਂ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਖੇਤੀ ਜਾਣਕਾਰੀ ਬਾਰੇ ਦੱਸਿਆ। ਇਸ ਸੈਸ਼ਨ ਦੇ ਅੰਤ ਤੇ ਸਵਾਲ ਅਤੇ ਜਵਾਬਾਂ ਦਾ ਸਿਲਸਿਲਾ ਵੀ ਚੱਲਿਆ। ਡਾ. ਇੰਦਰਪ੍ਰੀਤ ਕੌਰ ਬੋਪਾਰਾਏ ਅਤੇ ਡਾ. ਰਿਤੂ ਰਾਜ ਨੇ ਇਸ ਸਮਾਰੋਹ ਨੂੰ ਸੰਚਾਲਿਤ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।