ਪੀ.ਏ.ਯੂ. ਵਿਚ ਕੌਮਾਂਤਰੀ ਨਾਰੀ ਦਿਵਸ ਮੌਕੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ
ਲੁਧਿਆਣਾ 11 ਮਾਰਚ Amrik Singh Prince
ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਨੇ ਬੀਤੇ ਦਿਨੀਂ ਕੌਮਾਂਤਰੀ ਨਾਰੀ ਦਿਵਸ ਦੇ ਮੌਕੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ| ਇਹ ਭਾਸ਼ਣ ਨਾਰੀਤਵ ਦੀ ਆਤਮਕ ਸ਼ਕਤੀ ਦੀ ਪਛਾਣ ਵਿਸ਼ੇ ਤੇ ਕਰਵਾਇਆ ਗਿਆ ਸੀ ਅਤੇ ਇਸ ਭਾਸ਼ਣ ਦੇ ਬੁਲਾਰੇ ਕੁਮਾਰੀ ਬੀ ਕੇ ਜੋਤਸਨਾ, ਇਕ ਪ੍ਰੇਰਨਾਦਾਇਕ ਬੁਲਾਰੇ ਬ੍ਰਹਮਕੁਮਾਰੀ ਅਤੇ ਉਹਨਾਂ ਦੀ ਟੀਮ ਸਨ| ਬੁਲਾਰੇ ਨੇ ਇਸ ਮੌਕੇ ਕਿਹਾ ਕਿ ਹਰ ਔਰਤ ਕੋਲ ਔਰਤ ਹੋਣ ਦੀ ਇਕ ਵਿਸ਼ੇਸ਼ ਸ਼ਕਤੀ ਹੁੰਦੀ ਹੈ| ਉਸਦਾ ਅਹਿਸਾਸ ਅਤੇ ਪਛਾਣ ਹੀ ਸਭ ਤੋਂ ਜ਼ਰੂਰੀ ਹੈ| ਇਸ ਤੋਂ ਇਲਾਵਾ ਉਹਨਾਂ ਨੇ ਔਰਤ ਦੇ ਨਾਲ ਜਨਮ ਦੀਆਂ ਅੱਠ ਸ਼ਕਤੀਆਂ ਦੀ ਗੱਲ ਕੀਤੀ ਅਤੇ ਉਹਨਾਂ ਦੀ ਵਰਤੋਂ ਦੇ ਤਰੀਕੇ ਵੀ ਦੱਸੇ| ਭਾਸ਼ਣ ਤੋਂ ਬਾਅਦ ਇਕ ਧਿਆਨ ਸੈਸ਼ਨ ਹੋਇਆ ਜਿਸ ਵਿਚ ਭਾਗ ਲੈਣ ਵਾਲਿਆਂ ਨੂੰ ਸਵੈ ਵਿਕਾਸ ਅਤੇ ਸਵੀਕਾਰ ਦੇ ਮਾਇਨੇ ਸਮਝਾਏ ਗਏ|
ਇਸ ਮੌਕੇ ਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ| ਉਹਨਾਂ ਨੇ ਸਮਾਜ ਵਿਚ ਔਰਤ ਦੀ ਹੋਂਦ ਅਤੇ ਮਹੱਤਵ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ| ਨਾਲ ਹੀ ਡਾ. ਬੈਂਸ ਨੇ ਵਿਭਾਗ ਦੀਆਂ ਕਾਰਵਾਈਆਂ ਦੀ ਸ਼ਲਾਘਾ ਵੀ ਕੀਤੀ| ਵਿਭਾਗ ਦੇ ਮੁਖੀ ਡਾ. ਸੀਮਾ ਸ਼ਰਮਾ ਨੇ ਇਕ ਬਿਹਤਰ ਸਮਾਜ ਦੀ ਸਿਰਜਣਾ ਵਿਚ ਔਰਤ ਦੀ ਭੂਮਿਕਾ ਨੂੰ ਸਵੀਕਾਰਿਆ| ਇਸ ਸਮਾਰੋਹ ਦਾ ਸੰਚਾਲਨ ਡਾ. ਪ੍ਰਾਚੀ ਬਿਸ਼ਟ ਅਤੇ ਡਾ. ਰਿਤੂ ਮਾਹਲ ਨੇ ਕੀਤਾ| ਭਾਰੀ ਗਿਣਤੀ ਵਿਚ ਵਿਦਿਆਰਥੀ, ਫੈਕਲਟੀ ਅਤੇ ਹੋਰ ਸਟਾਫ ਇਸ ਮੌਕੇ ਹਾਜ਼ਰ ਸੀ|