ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਕਾਲਜ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ

0
H07F
ਲੁਧਿਆਣਾ 16 ਮਾਰਚ  (ਅਮਰੀਕ ਸਿੰਘ ਪ੍ਰਿੰਸ)
ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਕਾਲਜ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਇਸ ਮੌਕੇ ਖੇਤੀਬਾੜੀ, ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਦੇ ਖੇਤੀਬਾੜੀ ਸਕੱਤਰ ਸ਼੍ਰੀ ਅਜੀਤ ਬਾਲਾ ਜੀ ਜੋਸ਼ੀ ਤੋਂ ਬਿਨਾਂ ਇਲਾਕੇ ਦੇ ਵਿਧਾਇਕ ਵੀ ਮੌਜੂਦ ਰਹੇ। ਸਮਾਰੋਹ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ।
ਸ ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿਚ ਆਪਣੇ ਕਿਸਾਨੀ ਪਿਛੋਕੜ ਦੀ ਗੱਲ ਕਰਦਿਆਂ ਪੀ ਏ ਯੂ ਤੋਂ ਬਾਹਰ ਇਸ ਯੂਨੀਵਰਸਿਟੀ ਦੇ ਪਹਿਲੇ ਕਾਲਜ ਦੀ ਸਥਾਪਨਾ ਦੀ ਇਲਾਕਾ ਵਾਸੀਆਂ ਨੂੰ ਇਸ ਇਤਿਹਾਸਕ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਾਲਜ ਨਾ ਸਿਰਫ ਇਲਾਕੇ ਵਿਚ ਸਿੱਖਿਆ ਦਾ ਪੱਧਰ ਉੱਚਾ ਹੋਏਗਾ ਬਲਕਿ ਇਲਾਕੇ ਵਿਚ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਮੁੱਖ ਮੰਤਰੀ ਸਾਹਿਬ ਨੇ ਵਿਗਿਆਨਕ ਖੇਤੀ ਨੂੰ ਅਜੋਕੇ ਸਮੇਂ ਦੀ ਮੰਗ ਕਹਿੰਦਿਆਂ ਇਸ ਕਾਲਜ ਵਲੋਂ ਇਸ ਖੇਤਰ ਵਿਚ ਭਰਵਾਂ ਯੋਗਦਾਨ ਪਾਉਣ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਾਲਜ ਦੀ ਇਮਾਰਤ ਅਤੇ ਹੋਸਟਲ ਦੀ ਉਸਾਰੀ ਹੋ ਚੁੱਕੀ ਹੈ ਅਤੇ ਟੀਚਿੰਗ ਤੇ ਨਾਨ ਟੀਚਿੰਗ ਅਮਲੇ ਦੀ ਭਰਤੀ ਲਈ ਪ੍ਰਕਿਰਿਆ ਵਿਚਾਰ ਅਧੀਨ ਹੈ। ਉਨ੍ਹਾਂ ਨੇ ਖੇਤੀ ਨੂੰ ਮਜਬੂਰੀ ਦੀ ਥਾਂ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀ ਸੂਚਨਾ ਨੂੰ ਖੇਤ ਤਕ ਪਹੁੰਚਾਉਣ ਲਈ ਯਤਨ ਕੀਤੇ ਹਨ ਇਸ ਲਈ ਖੇਤੀ ਵਿਚ ਸਿੱਖਿਆ ਯੋਗਤਾ ਹਾਸਿਲ ਨੌਜਵਾਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਉਨ੍ਹਾਂ ਯੂਨੀਵਰਸਿਟੀ ਦੀ ਵਿੱਤੀ ਇਮਦਾਦ ਨੂੰ ਸਰਕਾਰ ਦੀ ਪਹਿਲ ਕਿਹਾ ਅਤੇ ਕਿਹਾ ਕਿ ਪੀ ਏ ਯੂ ਵਲੋਂ ਕਿਸਾਨੀ ਸਮਾਜ ਦੀ ਬਿਹਤਰੀ ਲਈ ਪਾਏ ਯੋਗਦਾਨ ਨੂੰ ਸਰਕਾਰ ਦਾ ਫਰਜ਼ ਕਿਹਾ। ਉਨ੍ਹਾਂ ਕਿਹਾ ਕਿ ਸਵੈ ਸੇਵੀ ਸਮੂਹਾਂ, ਖੇਤੀ ਉੱਦਮ ਅਤੇ ਖੇਤੀ ਰੁਜ਼ਗਾਰ ਦੇ ਨਾਲ ਖੇਤੀ ਪ੍ਰੋਸੈਸਿੰਗ ਨੂੰ ਵਧਾਵਾ ਦਿੱਤਾ ਜਾਵੇਗਾ। ਇਸ ਕਾਰਜ ਲਈ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਪ੍ਰੋਸੈਸਿੰਗ ਪਲਾਂਟ ਲਾਏ ਜਾਣ ਦੀ ਯੋਜਨਾ ਉੱਪਰ ਕੰਮ ਜਾਰੀ ਹੈ। ਬਾਗਬਾਨੀ ਫ਼ਸਲਾਂ ਲਈ ਵਿਸ਼ੇਸ਼ ਯਤਨ ਕਰਨ ਦੀ ਗੱਲ ਕਰਦਿਆਂ ਸ਼੍ਰੀ ਮਾਨ ਨੇ ਇਸ ਤਰ੍ਹਾਂ ਕਣਕ ਝੋਨੇ ਦੇ ਬਦਲ ਲਈ ਕੰਮ ਕਰਨ ਦਾ ਪ੍ਰਣ ਦੁਹਰਾਇਆ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਖੇਤ ਤਕ ਪਹੁੰਚਾਉਣ ਵਿੱਚ ਸਰਕਾਰ ਨੇ ਇਤਿਹਾਸਕ ਕਾਰਜ ਕੀਤਾ ਹੈ ਤੇ ਇਸ ਤਰ੍ਹਾਂ ਦੇ ਕੰਮ ਭਵਿੱਖ ਵਿਚ ਵੀ ਜਾਰੀ ਰਹਿਣਗੇ।
ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿਬੋਂਜਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਦੇ ਵਿਕਾਸ ਨਾਲ ਹੀ ਇਸ ਖਿੱਤੇ ਦੀ ਖੁਸ਼ਹਾਲੀ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪੀ ਏ ਯੂ ਦੇ ਇਸ ਕਾਲਜ ਦੀ ਸਥਾਪਨਾ ਅਤੇ ਇਸਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਰਕਾਰ ਨੇ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਹਨ ਕਿਉਂਕਿ ਖੇਤੀ ਦੀ ਵਿਗਿਆਨਕ ਸਿੱਖਿਆ ਨੂੰ ਦੂਰ ਦਰਾਜ ਦੇ ਇਲਾਕਿਆਂ ਤਕ ਪੁਚਾਉਣਾ ਬੇਹੱਦ ਲਾਜ਼ਮੀ ਹੈ। ਪੀ ਏ ਯੂ ਦੀ ਬਿਹਤਰੀ ਨੂੰ ਕਿਸਾਨੀ ਸਮਾਜ ਲਈ ਜ਼ਰੂਰੀ ਆਖਦਿਆਂ ਸ਼੍ਰੀ ਖੁੱਡੀਆਂ ਨੇ ਆਖਿਆ ਕਿ ਯੂਨੀਵਰਸਿਟੀ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ, ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਬਚਾਉਣ ਲਈ ਸਰਕਾਰੀ ਯੋਜਨਾਵਾਂ ਕਿਸਾਨਾਂ ਤਕ ਪਹੁੰਚਾਈਆਂ ਜਾ ਰਹੀਆਂ ਹਨ। ਬੱਲੋਵਾਲ ਸੌਂਖੜੀ ਕਾਲਜ ਵਿਚ ਪੜ੍ਹ ਰਹੇ 140 ਬੱਚਿਆਂ ਅਤੇ 40 ਦੇ ਕਰੀਬ ਲੜਕੀਆਂ ਨੂੰ ਉਨ੍ਹਾਂ ਇਲਾਕੇ ਦੀ ਵਿਦਿਅਕ ਤਰੱਕੀ ਲਈ ਇਤਿਹਾਸਕ ਕਿਹਾ ਤੇ ਇਸ ਲਈ ਇਲਾਕੇ ਨੂੰ ਵਧਾਈ ਦਿੱਤੀ।
ਸਵਾਗਤੀ ਭਾਸ਼ਣ ਵਿਚ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਮੌਜੂਦਾ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਲਈ ਸਰਕਾਰੀ ਸਮਰਥਨ ਲਈ ਧਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪੀ ਏ ਯੂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤਕ ਕਿਸਾਨੀ ਦੀ ਭਲਾਈ ਲਈ ਨਿਰੰਤਰ ਯਤਨਸ਼ੀਲ ਹੈ। ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਯਤਨ ਕਰਕੇ ਪਿਛਲੇ ਸੱਤ ਸਾਲਾਂ ਤੋਂ ਬਕਾਇਆ ਪਏ ਯੂ ਜੀ ਸੀ ਸਕੇਲ ਪੀ ਏ ਯੂ ਅਮਲੇ ਨੂੰ ਦਿੱਤੇ। ਨਾਲ ਹੀ ਬੀਜ ਉਤਪਾਦਨ ਲਈ ਫਰੀਦਕੋਟ ਦਾ 1200 ਏਕੜ ਦਾ ਫਾਰਮ ਮੁੜ ਯੂਨੀਵਰਸਿਟੀ ਨੂੰ ਸੌਂਪਿਆ, ਜਿਸ ਸਦਕਾ ਕਿਸਾਨਾਂ ਲਈ ਵਾਧੂ ਬੀਜ ਮੁਹਈਆ ਕਰਾਇਆ ਜਾ ਸਕਿਆ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਪੇਸ਼ ਬਜਟ ਵਿੱਚ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ 40 ਕਰੋੜ ਦੀ ਵਿਸ਼ੇਸ਼ ਗਰਾਂਟ ਦਿੱਤੀ ਗਈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਦਕਾ ਯੂਨੀਵਰਸਿਟੀ ਵਿਚ ਬੁਨਿਆਦੀ ਢਾਂਚੇ ਨੂੰ ਸੁਧਾਰ ਕੇ ਖੇਤੀ ਖੋਜ, ਪਸਾਰ ਅਤੇ ਅਕਾਦਮਿਕ ਕਾਰਜਾਂ ਨੂੰ ਗਤੀ ਦਿੱਤੀ ਜਾ ਸਕੇਗੀ। ਇਸ ਕਾਲਜ ਬਾਰੇ ਗੱਲ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਇਹ ਖੇਤਰੀ ਲੋਕਾਂ ਦੀ ਸਿੱਖਿਆ ਦੀ ਮੰਗ ਅਤੇ ਲੋੜ ਦੀ ਪੂਰਤੀ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕੇਗਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਇਸ ਸਮਾਰੋਹ ਦਾ ਸੰਚਾਲਨ ਕੀਤਾ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਹਲਕਾ ਬਲਾਚੌਰ ਦੇ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਕਹੇ।
 ਇਸ ਮੌਕੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਡੀਨ ਡਾ ਮਨਮੋਹਨਜੀਤ ਸਿੰਘ ਦੇ ਨਾਲ ਪੀ ਏ ਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ ਅਤੇ ਅਮਲੇ ਦੇ ਮੈਂਬਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।