ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਆਯੋਜਿਤ ਹੋਇਆ
ਗੁਰਦਾਸਪੁਰ 20 ਮਾਰਚ, 2024 (ਅਮਰੀਕ ਸਿੰਘ ਪ੍ਰਿੰਸ)
ਪੀ.ਏ.ਯੂ. ਵਲੋਂ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਸਹਿਯੋਗੀ ਨਿਰਦੇਸ਼ਕ ਡਾ ਸਰਬਜੀਤ ਸਿੰਘ ਔਲਖ ਅਤੇ ਗੁਰਦਾਸਪੁਰ ਦੇ ਐੱਸ ਡੀ ਐੱਮ ਡਾ ਕਰਮਜੀਤ ਸਿੰਘ ਮੰਚ ਤੇ ਮੌਜੂਦ ਸਨ।
ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਤਕ ਖੇਤੀ ਸੰਬੰਧੀ ਵਿਕਸਿਤ ਜਾਣਕਾਰੀ ਪੁਚਾਉਣ ਦਾ ਮਾਧਿਅਮ ਹਨ । ਖੇਤੀ ਸਾਹਿਤ ਨੂੰ ਕਿਸਾਨੀ ਪਰਿਵਾਰਾਂ ਦਾ ਅਟੁੱਟ ਅੰਗ ਬਣਾਉਣ ਲਈ ਅਪੀਲ ਕਰਦਿਆਂ ਡਾ ਗੋਸਲ ਨੇ ਖੇਤੀ ਪ੍ਰਦਰਸ਼ਨੀਆਂ ਵਿਚ ਜਾ ਕੇ ਅੱਖੀਂ ਫ਼ਸਲਾਂ ਦੀਆਂ ਕਿਸਮਾਂ ਨੂੰ ਵੇਖਣ ਲਈ ਕਿਹਾ।
ਉਨ੍ਹਾਂ ਨੇ ਆਉਂਦੇ ਸਾਉਣੀ ਸੀਜ਼ਨ ਲਈ ਪੀ ਏ ਯੂ ਦੀ ਝੋਨੇ ਦੀ ਕਿਸਮ ਪੀ ਆਰ 126 ਅਤੇ ਪੀ ਆਰ 131 ਦਾ ਵਿਸ਼ੇਸ਼ ਜ਼ਿਕਰ ਕੀਤਾ। ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਦਿਆਂ ਡਾ ਗੋਸਲ ਨੇ ਮਿੱਟੀ ਦੀ ਸਿਹਤ ਸੁਧਾਰ ਲਈ ਜੀਵਾਣੂੰ ਖਾਦਾਂ ਦੇ ਟੀਕੇ ਬਾਰੇ ਦੱਸਿਆ। ਪਰਾਲੀ ਦੀ ਸੰਭਾਲ ਨੂੰ ਅਜੋਕੇ ਸਮੇਂ ਦੀ ਲੋੜ ਕਹਿ ਕੇ ਵਾਈਸ ਚਾਂਸਲਰ ਨੇ ਨਵੀਂ ਵਿਕਸਿਤ ਕੀਤੀ ਮਸ਼ੀਨ ਸਰਫ਼ੇਸ ਸੀਡਰ ਦਾ ਜ਼ਿਕਰ ਕੀਤਾ ਅਤੇ ਇਸ ਸੰਬੰਧ ਵਿਚ ਜਾਣਕਾਰੀ ਲਈ ਪੀ ਏ ਯੂ ਮਾਹਿਰਾਂ ਨਾਲ ਮਿਲਣ ਦਾ ਸੱਦਾ ਕਿਸਾਨਾਂ ਨੂੰ ਦਿੱਤਾ। ਨਾਲ ਹੀ ਖੇਤੀ ਪਰਿਵਾਰਾਂ ਨੂੰ ਸਵੈ ਨਿਰਭਰ ਬਣਨ ਲਈ ਘਰੇਲੂ ਪੱਧਰ ਤੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਪੀ ਏ ਯੂ ਵਲੋਂ ਸਾਉਣੀ ਰੁੱਤ ਲਈ ਚਾਰਿਆਂ ਦੀ ਕਿੱਟ, ਤੇਲਬੀਜਾਂ ਅਤੇ ਦਾਲਾਂ ਦੀਆਂ ਕਿੱਟਾਂ ਖਰੀਦਣ ਲਈ ਕਿਹਾ ।
ਉਨ੍ਹਾਂ ਗੁਰਦਾਸਪੁਰ ਕੇਂਦਰ ਬਾਰੇ ਕਿਹਾ ਕਿ ਇਹ ਕੇਂਦਰ ਪੀ ਏ ਯੂ ਤੋਂ ਵੀ ਪੁਰਾਣਾ ਹੈ ਇਸ ਲਈ ਸਭ ਤੋਂ ਮਹੱਤਵਪੂਰਨ ਕੇਂਦਰ ਹੈ ਅਤੇ ਫ਼ਸਲਾਂ ਦੀਆਂ ਬਿਮਾਰੀਆਂ ਦੀ ਪਰਖ ਦਾ ਮੁੱਖ ਕੇਂਦਰ ਵੀ ਇਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਝੋਨੇ ਦੇ ਸਫਲ ਉਤਪਾਦਨ ਤੋਂ ਬਾਅਦ ਹੁਣ ਖੇਤੀ ਵਿਭਿੰਨਤਾ ਵੱਲ ਮੋੜਾ ਕੱਟਣ। ਬੀਤੇ ਸਾਲ ਯੂਨੀਵਰਸਿਟੀ ਵਿਚ ਕਰਵਾਏ ਪਰਵਾਸੀ ਕਿਸਾਨ ਸੰਮੇਲਨ ਵਿਚ ਭਾਗ ਲੈਣ ਵਾਲੇ ਪਰਵਾਸੀ ਕਿਸਾਨਾਂ ਦੇ ਤਜਰਬਿਆਂ ਦੇ ਹਵਾਲੇ ਨਾਲ ਉਨ੍ਹਾਂ ਨੇ ਖੇਤੀ ਨੂੰ ਖੇਤੀ ਕਾਰੋਬਾਰ ਵਿਚ ਬਦਲਣ ਲਈ ਉੱਦਮੀ ਬਣਨ ਦਾ ਸੱਦਾ ਦਿੱਤਾ। ਇਸ ਕਾਰਜ ਲਈ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਭੋਜਨ ਉਦਯੋਗ ਇਨਕੁਬੇਸ਼ਨ ਕੇਂਦਰ ਵਲੋਂ 35 ਵਰਗਾਂ ਵਿਚ ਦਿੱਤੀ ਜਾਂਦੀ ਲੋੜੀਂਦੀ ਸਿਖਲਾਈ ਦਾ ਜ਼ਿਕਰ ਕੀਤਾ ਤੇ ਅਜੋਕੇ ਸਮੇਂ ਨੂੰ ਪ੍ਰੋਸੈਸਿੰਗ ਦਾ ਯੁੱਗ ਕਿਹਾ। ਉਨ੍ਹਾਂ ਕਿਸਾਨੀ ਪਰਿਵਾਰਾਂ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਖੇਤੀ ਦਾ ਮਹੱਤਵ ਦੱਸਣ ਅਤੇ ਘੱਟੋ ਘੱਟ ਇਕ ਬੱਚੇ ਨੂੰ ਇਸ ਕਿੱਤੇ ਨਾਲ ਜੋੜਨ ਲਈ ਕਿਹਾ। ਉਨ੍ਹਾਂ ਛੇ ਮਹੀਨੇ ਬਾਅਦ ਮੇਲਿਆਂ ਵਿਚ ਆਉਣ ਤੋਂ ਇਲਾਵਾ ਖੇਤੀ ਦੀ ਰੋਜ਼ਾਨਾ ਜਾਣਕਾਰੀ ਲੈਣ ਲਈ ਪੀ ਏ ਯੂ ਦੇ ਸੋਸ਼ਲ ਮੀਡੀਆ ਮਾਧਿਅਮਾਂ ਨੂੰ ਅਪਣਾਉਣ ਲਈ ਕਿਹਾ। ਇਸਦੇ ਨਾਲ ਹੀ ਗੁਰਦਾਸਪੁਰ ਦੇ ਖੇਤੀਬਾੜੀ ਸੰਸਥਾਨ ਵਿਚ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਵੱਲ ਰੁਚੀ ਦਿਖਾਉਣ ਲਈ ਇਲਾਕਾ ਨਿਵਾਸੀਆਂ ਨੂੰ ਕਿਹਾ।
ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਲਈ ਪੈਦਾ ਕੀਤੇ ਅਨਾਜ ਨੂੰ ਵਡਿਆਇਆ। ਨਾਲ ਹੀ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਯੂਨੀਵਰਸਿਟੀ ਮਾਹਿਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਲੀਚੀ ਉੱਪਰ ਸਬਸਿਡੀ ਦੇਣ, ਸਟਰਾਅਬੇਰੀ ਦੇ ਮੰਡੀਕਰਨ ਬਾਰੇ ਨੀਤੀ ਬਣਾਉਣ, ਫਲਾਂ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਅਪੀਲ ਸਰਕਾਰ ਨੂੰ ਕੀਤੀ।
ਗੁਰਦਾਸਪੁਰ ਦੇ ਐੱਸ ਡੀ ਐੱਮ ਡਾ ਕਰਮਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਪੀ ਏ ਯੂ ਵਲੋਂ ਲਾਏ ਜਾਂਦੇ ਮੇਲਿਆਂ ਦਾ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨਕ ਖੇਤੀ ਦਾ ਰਸਤਾ ਵਿਗਿਆਨਕ ਖੇਤੀ ਦੀ ਜਾਣਕਾਰੀ ਵਲੋਂ ਹੋ ਕੇ ਗੁਜ਼ਰਦਾ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਆਏ ਡਾ ਹਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਿਭਾਗ ਦੀਆਂ ਭਲਾਈ ਯੋਜਨਾਵਾਂ ਬਾਰੇ ਦੱਸਿਆ।
ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਖੋਜ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਹੁਣ ਤਕ ਯੂਨੀਵਰਸਿਟੀ ਵਲੋਂ ਖੋਜੀਆਂ 900 ਤੋਂ ਵਧੇਰੇ ਕਿਸਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਉਂਦੇ ਸਾਉਣੀ ਸੀਜ਼ਨ ਲਈ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ। ਇਨ੍ਹਾਂ ਵਿਚ ਪੂਸਾ ਬਾਸਮਤੀ 1847, ਚਾਰਾ ਮੱਕੀ ਦੀ ਨਵੀਂ ਕਿਸਮ ਜੇ 1008, ਖਰਵੇਂ ਅਨਾਜਾਂ ਵਿੱਚ ਬਾਜਰੇ ਦੀ ਕਿਸਮ ਪੀ ਸੀ ਬੀ 167 ਅਤੇ ਪਰੋਸੋ ਮਿਲਟ ਦੀ ਪਹਿਲੀ ਕਿਸਮ ਪੰਜਾਬ ਚੀਨਾ-1, ਸਬਜ਼ੀਆਂ ਵਿਚ ਬੈਂਗਣਾਂ ਦੀ ਨਵੀਂ ਕਿਸਮ ਪੀ ਬੀ ਐਚ ਐਲ 56 ਅਤੇ ਖਰਬੂਜ਼ੇ ਦੀ ਨਵੀਂ ਕਿਸਮ ਪੰਜਾਬ ਅੰਮ੍ਰਿਤ, ਤਰਬੂਜ਼ ਦੀ ਕਿਸਮ ਪੰਜਾਬ ਮਿਠਾਸ ਦਾ ਜ਼ਿਕਰ ਕੀਤਾ। ਫਲਾਂ ਸੰਬੰਧੀ ਨਵੀਆਂ ਕਿਸਮਾਂ ਬਾਰੇ ਦੱਸਣ ਸਮੇਂ ਡਾ ਢੱਟ ਨੇ ਜਾਮਣਾਂ ਦੀਆਂ ਨਵੀਆਂ ਕਿਸਮਾਂ ਕੋਂਕਣ ਅਤੇ ਗੋਮਾ ਦਾ ਜ਼ਿਕਰ ਵੀ ਕੀਤਾ |
ਉਤਪਾਦਨ ਤਕਨੀਕਾਂ ਵਿਚ ਟੀਂਡੇ ਨੂੰ ਨਦੀਨਾਂ ਤੋਂ ਬਚਾਉਣ ਲਈ ਮਲਚਿੰਗ ਵਿਧੀ, ਕਿੰਨੂ ਲਈ ਖਾਦਾਂ ਦੀਆਂ ਨਵੀਆਂ ਸਿਫਾਰਿਸ਼ਾਂ ਦੇ ਨਾਲ ਹੀ ਉਨ੍ਹਾਂ ਨੇ ਮੱਕੀ ਵਿਚ ਫਾਲ ਆਰਮੀਵਰਮ ਦੀ ਰੋਕਥਾਮ ਅਤੇ ਦਾਲਾਂ ਦੀ ਸੰਭਾਲ ਲਈ ਨਵੀਂ ਕਿੱਟ, ਅੰਜੀਰ ਨੂੰ ਸੁਕਾਉਣ ਅਤੇ ਹੋਰ ਤਕਨੀਕਾਂ ਦਾ ਜ਼ਿਕਰ ਕੀਤਾ। ਪ੍ਰੋਸੈਸਿੰਗ ਤਕਨੀਕਾਂ ਵਿਚ ਕਿੰਨੂ ਦੀ ਰਹਿੰਦ ਖੂਹੰਦ ਤੋਂ ਉਤਪਾਦਨ ਤਿਆਰ ਕਰਨ, ਘਰੇਲੂ ਗੁਲਾਲ ਬਣਾਉਣ ਅਤੇ ਜਾਮਣ ਆਧਾਰਿਤ ਉਤਪਾਦ ਤਿਆਰ ਕਰਨ ਤੋਂ ਇਲਾਵਾ ਸੋਇਆ ਪਾਊਡਰ ਤੋਂ ਦੁੱਧ ਬਣਾਉਣ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ ਗਈਆਂ। ਖੇਤੀ ਮਸ਼ੀਨਰੀ ਬਾਰੇ ਵੀ ਕਿਸਾਨਾਂ ਨੂੰ ਝੋਨਾ ਲਾਉਣ ਵਾਲੇ ਨਵੇਂ ਟਰਾਂਸਪਲਾਂਟਰ ਅਤੇ ਡਰੋਨ ਸਮੇਤ ਪਰਾਲੀ ਤੋਂ ਮਲਚ ਬਾਰੇ ਯੂਨੀਵਰਸਿਟੀ ਵਲੋਂ ਨਵੀਆਂ ਤਜਵੀਜ਼ਾਂ ਡਾ ਢੱਟ ਨੇ ਕਿਸਾਨਾਂ ਸਾਮ੍ਹਣੇ ਰੱਖੀਆਂ ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿਚ ਸੱਤ ਕਿਸਾਨ ਮੇਲੇ ਸਾਉਣੀ ਦੀਆਂ ਫ਼ਸਲਾਂ ਲਈ ਲਾਏ ਜਾਂਦੇ ਹਨ, ਇਸਦਾ ਮੰਤਵ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅਗਾਂਹਵਧੂ ਖੇਤੀ ਜਾਣਕਾਰੀ ਮੁਹੱਈਆ ਕਰਾਉਣਾ ਹੈ। ਉਨ੍ਹਾਂ ਆਯੋਜਕਾਂ ਨੂੰ ਇਸ ਸਫ਼ਲ ਮੇਲੇ ਲਈ ਵਧਾਈ ਦਿੰਦਿਆਂ ਦੱਸਿਆ ਕਿ ਕਿਸਾਨਾਂ ਵੱਲੋਂ ਫ਼ਸਲਾਂ ਦੇ ਬੀਜ, ਬੂਟੇ, ਖੇਤੀ ਮਸ਼ੀਨਰੀ, ਖੇਤੀ ਸਾਹਿਤ ਅਤੇ ਉਤਪਾਦਨ ਤਕਨੀਕਾਂ ਬਾਰੇ ਵਿਸ਼ੇਸ਼ ਦਿਲਚਸਪੀ ਦਿਖਾਈ ਜਾ ਰਹੀ ਹੈ। ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਡਾ ਭੁੱਲਰ ਨੇ ਇਸ ਸੰਬੰਧੀ ਯੂਨੀਵਰਸਿਟੀ ਵਲੋਂ ਦਿੱਤੀਆਂ ਜਾਂਦੀਆਂ ਸਿਖਲਾਈਆਂ ਬਾਰੇ ਜਾਣਕਾਰੀ ਦਿੱਤੀ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿੱਲੋਂ ਨੇ ਕਹੇ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਅਤੇ ਭੂਮੀ ਵਿਗਿਆਨੀ ਡਾ ਜਗਦੀਸ਼ ਸਿੰਘ ਨੇ ਕੀਤਾ।
ਇਸ ਮੌਕੇ ਜਿਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਲਈ ਪਿੰਡ ਮਾਨੇਪੁਰ ਦੇ ਸ ਰਵਿੰਦਰ ਸਿੰਘ, ਪਿੰਡ ਬਿਧੀਪੁਰ ਦੇ ਸ ਕਰਮਜੀਤ ਸਿੰਘ, ਪਿੰਡ ਖੋਖਰ ਦੇ ਸ ਸ਼ਿੰਗਾਰਾ ਸਿੰਘ, ਬਾਗਬਾਨੀ ਲਈ ਦੀਨਾਨਗਰ ਦੇ ਸ ਮਹਿੰਦਰ ਸਿੰਘ ਸਿੱਧੂ, ਗੰਨੇ ਦੀ ਕਾਸ਼ਤ ਲਈ ਸ ਊਧਮ ਸਿੰਘ ਪੱਡਾ, ਸਬਜ਼ੀਆਂ ਦੀ ਕਾਸ਼ਤ ਲਈ ਪਿੰਡ ਬਾਈਆਂ ਦੇ ਸ ਗੁਰਉਪਕਾਰ ਸਿੰਘ, ਖੁੰਬਾਂ ਦੀ ਕਾਸ਼ਤ ਲਈ ਪਿੰਡ ਨਸੀਰਪੁਰ ਦੇ ਸ ਜੋਬਨਪ੍ਰੀਤ ਸਿੰਘ, ਫੁੱਲਾਂ ਦੀ ਕਾਸ਼ਤ ਲਈ ਪਿੰਡ ਗੋਹਤ ਖੁਰਦ ਦੇ ਸ ਹਰਜਿੰਦਰ ਸਿੰਘ, ਪਿੰਡ ਮਹਾਂਦੇਵ ਕਲਾਂ ਦੇ ਸ ਹਰਪ੍ਰੀਤ ਸਿੰਘ, ਬੱਕਰੀ ਪਾਲਣ ਲਈ ਪਿੰਡ ਕਾਦੀਆਂ ਦੇ ਜਨਾਬ ਮੁਹੰਮਦ ਮੂਸਾ, ਮੂਲ ਅਨਾਜਾਂ ਦੀ ਕਾਸ਼ਤ ਲਈ ਪਿੰਡ ਰੰਗੀਲਪੁਰ ਦੇ ਸ ਗੁਰਮੁਖ ਸਿੰਘ, ਡਰੈਗਨ ਫਰੂਟ ਦੀ ਕਾਸ਼ਤ ਲਈ ਕਾਹਨੂਵਾਨ ਦੇ ਸ ਦਲਜੀਤ ਸਿੰਘ, ਤੇਲਬੀਜਾਂ ਦੀ ਪ੍ਰੋਸੈਸਿੰਗ ਲਈ ਪਿੰਡ ਕੁੱਲੂ ਸੋਹਲ ਦੇ ਸ ਸੁਖਵਿੰਦਰ ਸਿੰਘ