ਪੀਏਯੂ ਵਿਚ ਕੂੜੇ ਚੁੱਕਣ ਲਈ ਈ-ਰਿਕਸ਼ਾ ਦੀ ਵਰਤੋਂ ਨੂੰ ਵਾਈਸ ਚਾਂਸਲਰ ਨੇ ਹਰੀ ਝੰਡੀ ਦਿਖਾਈ
ਲੁਧਿਆਣਾ, 21 ਮਾਰਚ (ਅਮਰੀਕ ਸਿੰਘ ਪ੍ਰਿੰਸ)
ਪੀ.ਏ.ਯੂ.ਕੈਂਪਸ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਅਤੇ ਇਸ ਦੀ ਸੁੰਦਰਤਾ ਬਰਕਰਾਰ ਰੱਖਣ ਹਿਤ ਕੂੜਾ ਚੁੱਕਣ ਲਈ ਹੁਣ ਈ ਰਿਕਸ਼ਾ ਦੀ ਵਰਤੋਂ ਕੀਤੀ ਜਾਵੇਗੀ। ਇਸ ਸੰਬੰਧੀ ਇਕ ਅਹਿਮ ਕਦਮ ਚੁੱਕਦਿਆਂ ਅੱਜ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਡਾ. ਐਮ.ਐਸ. ਰੰਧਾਵਾ ਲਾਇਬ੍ਰੇਰੀ ਦੇ ਸਾਹਮਣੇ ਈ-ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਅਧਿਕਾਰੀਆਂ ਅਤੇ ਫੈਕਲਟੀ ਨੂੰ ਸੰਬੋਧਨ ਕਰਦਿਆਂ ਡਾ: ਗੋਸਲ ਨੇ ਕਿਹਾ ਕਿ ਕੈਂਪਸ ਅਤੇ ਸ਼ਹਿਰ ਵਾਸੀਆਂ ਦੇ ਨਾਲ-ਨਾਲ ਕਰਮਚਾਰੀਆਂ ਨੂੰ ਸਾਫ਼-ਸੁਥਰਾ, ਹਰਿਆ ਭਰਿਆ, ਸਿਹਤਮੰਦ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹਈਆ ਕਰਾਉਣ ਲਈ ਵੱਖ-ਵੱਖ ਸਰੋਤਾਂ ਤੋਂ ਕੂੜੇ ਦਾ ਸਮੇਂ ਸਿਰ ਚੁੱਕਿਆ ਜਾਣਾ ਜ਼ਰੂਰੀ ਹੈ। ਗੋਸਲ ਨੇ ਕਿਹਾ ਕਿ ਕੂੜੇ ਦੇ ਢੇਰਾਂ ਤੋਂ ਕੀੜੇ-ਮਕੌੜਿਆਂ, ਮੱਖੀਆਂ, ਮੱਛਰਾਂ ਅਤੇ ਜ਼ਹਿਰੀਲੇ ਕੀਟਾਣੂਆਂ ਦੇ ਪੈਦਾ ਹੋਣ ਦਾ ਖਦਸ਼ਾ ਰਹਿੰਦਾ ਹੈ। ਡਾ: ਗੋਸਲ ਨੇ ਕਿਹਾ ਕਿ ਕੂੜੇ ਦਾ ਸਹੀ ਨਿਪਟਾਰਾ ਸਮੇਂ ਦੀ ਲੋੜ ਹੈ। ਇਸ ਦਿਸ਼ਾ ਵਿਚ ਈ-ਰਿਕਸ਼ਾ ਕੂੜਾ ਇਕੱਠਾ ਕਰਨ ਅਤੇ ਨਿਪਟਾਰੇ ਵਿਚ ਤੇਜ਼ੀ ਲਿਆਉਣ ਦਾ ਕੰਮ ਕਰੇਗਾ।
ਡਾ. ਰਿਸ਼ੀ ਇੰਦਰਾ ਸਿੰਘ ਗਿੱਲ, ਅਸਟੇਟ ਅਫਸਰ ਨੇ ਪੀਏਯੂ ਦੇ ਵੀਸੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਫੈਕਲਟੀ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਇਹ ਗਤੀਵਿਧੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੀ ਕਲੀਨ ਐਂਡ ਗਰੀਨ ਡਰਾਈਵ ਦਾ ਇੱਕ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ, ਈ-ਰਿਕਸ਼ਾ ਰਾਹੀਂ ਕੂੜਾ ਚੁੱਕਣ ਦਾ ਅਮਲ ਬਦਬੂ ਰਹਿਤ ਵਾਤਾਵਰਣ ਨੂੰ ਯਕੀਨੀ ਬਣਾਏਗਾ।
ਇਸ ਦੌਰਾਨ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਜਿੱਥੇ ਡਾ: ਗੋਸਲ ਨੇ ਨੈਸ ਕੈਫੇ ਦੇ ਨੇੜੇ ਲਾਇਬ੍ਰੇਰੀ ਦੇ ਸਾਹਮਣੇ ਵਾਲੇ ਲਾਅਨ ਵਿੱਚ ਚੰਪਾ ਦੇ ਬੂਟੇ ਲਗਾਏ। ਇਸ ਮੌਕੇ ਪੀਏਯੂ ਦੇ ਡੀਨ, ਡਾਇਰੈਕਟਰ, ਵਧੀਕ ਡਾਇਰੈਕਟਰ ਅਤੇ ਫੈਕਲਟੀ ਹਾਜ਼ਰ ਸਨ।