ਸਾਡਾ ਦੇਸ਼ ਵੰਨ-ਸੁਵੰਨੇ ਸਭਿਆਚਾਰਾਂ ਦਾ ਇਕ ਖੂਬਸੂਰਤ ਗੁਲਦਸਤਾ : ਪ੍ਰੋ: ਨਿਰਮਲ ਰਿਸ਼ੀ
ਲੁਧਿਆਣਾ 30 ਮਾਰਚ, 2024 (ਅਮਰੀਕ ਸਿੰਘ ਪ੍ਰਿੰਸ)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਏ ਜਾ ਰਹੇ 37ਵੇਂ ਅੰਤਰ-ਵਰਸਿਟੀ ਰਾਸ਼ਟਰੀ ਯੁਵਕ ਮੇਲੇ ਦੇ ਤੀਜੇ ਦਿਨ ਦੇਸ਼ ਭਰ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚੋਂ ਸ਼ਿਰਕਤ ਕਰ ਰਹੇ ਵਿਦਿਆਰਥੀਆਂ ਨੇ ਖੂਬ ਰੰਗ ਬੰਨਿਆ। “ਹੁਨਰ-2024: ਰਾਸ਼ਟਰੀ ਪ੍ਰਤਿਭਾ ਨੂੰ ਇਕੱਤਰ ਕਰਨਾ” ਦੇ ਪ੍ਰਤੀਕ ਹੇਠ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਵਿਚ ਅੱਜ ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ ਤੇ ਇਕਾਂਗੀ, ਫੋਕ ਆਰਕੈਸਟਰਾ, ਵੈਸਟਰਨ ਵੋਕਲ ਸੋਲੋ, ਲਾਈਟ ਵੋਕਲ ਸੋਲੋ, ਕਲਾਸੀਕਲ ਵੋਕਲ ਸੋਲੋ, ਕਾਰਟੂਨ ਬਨਾਉਣ, ਮਹਿੰਦੀ ਲਗਾਉਣ, ਰੰਗੋਲੀ ਬਨਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਅੱਜ ਦੇ ਇਕਾਂਗੀ ਮੁਕਾਬਲਿਆਂ ਦਾ ਉਦਘਾਟਨ ਪੰਜਾਬੀ ਫਿਲਮਾਂ ਦੀ ਉੱਘੀ ਕਲਾਕਾਰਾ ਪਦਮਸ੍ਰੀ ਪ੍ਰੋਫੈਸਰ ਨਿਰਮਲ ਰਿਸ਼ੀ ਨੇ ਕੀਤਾ ਅਤੇ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਸ਼ੀ੍ ਮਤੀ ਸਾਕਸ਼ੀ ਸਾਹਨੀ, ਆਈ. ਏ. ਐੱਸ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੌਕੇ ਡਾ. ਰਿਸ਼ੀ ਪਾਲ ਸਿੰਘ ਆਈ. ਏ. ਐੱਸ, ਰਜਿਸਟਰਾਰ ਪੀ.ਏ.ਯੂ. ਤੋਂ ਇਲਾਵਾ ਸਮੂਹ ਡੀਨਜ਼ ਅਤੇ ਡਾਇਰੈਕਟਰਜ਼ ਵੀ ਸ਼ਮਿਲ ਹੋਏ।
ਇਸ ਮੌਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਵਿਦਿਆਰਥੀ ਕਲਾਕਾਰਾਂ ਦੀਆਂ ਬਾਕਮਾਲ ਪ੍ਰਤਿਭਾਵਾਂ ਤੋਂ ਪ੍ਰਭਾਵਿਤ ਹੁੰਦਿਆਂ ਮੈਡਮ ਨਿਰਮਲ ਰਿਸ਼ੀ ਨੇ ਕਿਹਾ ਕਿ ਸਾਡਾ ਦੇਸ਼ ਵੰਨ-ਸੁਵੰਨੇ ਸਭਿਆਚਾਰਾਂ ਦਾ ਇਕ ਖੂਬਸੂਰਤ ਗੁਲਦਸਤਾ ਹੈ, ਜਿੱਥੇ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਅਸੀਂ ਕਲਾਤਮਕ ਬੁਲੰਦੀਆਂ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਜਿੱਥੇ ਵਿਦਿਆਰਥੀਆਂ ਦੀ ਵੱਖੋ-ਵੱਖ ਸਭਿਆਚਾਰਕ ਰੰਗਾਂ ਨਾਲ ਸਾਂਝ ਸਥਾਪਤ ਕਰਦੇ ਹਨ ਉੱਥੇ ਉਨ੍ਹਾਂ ਦੀਆਂ ਕਲਾਵਾਂ ਪ੍ਰਤੀ ਜਾਣਕਾਰੀ ਵਿਚ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਸਰਵੋਤਮ ਕਲਾਕਾਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਭੱਜ-ਦੌੜ ਦੇ ਇਸ ਸਮੇਂ ਵਿਚ ਕਲਾਵਾਂ ਨਾ ਕੇਵਲ ਸਾਡੀ ਰੰਗਹੀਨ ਜਿੰਦਗੀ ਵਿਚ ਅਨੇਕਾਂ ਰੰਗ ਭਰ ਦੀਆਂ ਹਨ ਬਲਕਿ ਰੂਹ ਨੂੰ ਸਕੂਨ ਵੀ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਅੰਦਰ ਪ੍ਰਤਿਭਾਵਾਂ ਹੁੰਦੀਆਂ ਹਨ, ਲੋੜ ਹੁੰਦੀ ਹੈ ਸਿਰਫ ਆਪਣੇ ਅੰਦਰਲੇ ਲੁਕੇ ਹੋਏ ਕਲਾਕਾਰ ਨੂੰ ਪਛਾਣਨ ਦੀ।
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਕਿਹਾ ਕਿ ਯੁਵਕ ਮੇਲਿਆਂ ਵਿਚ ਕਰਵਾਏ ਜਾ ਰਹੇ ਇਹ ਕਲਾਤਮਕ ਮੁਕਾਬਲੇ ਨਿਸ਼ਚੈ ਹੀ ਵਿਦਿਆਰਥੀਆਂ ਨੂੰ ਇਕ-ਦੂਜੇ ਕੋਲੋਂ ਸਿੱਖਣ ਸਿਖਾਉਣ ਦੇ ਵਿਸ਼ਾਲ ਮੌਕੇ ਪ੍ਰਦਾਨ ਕਰਦੇ ਹਨ। ਯੁਵਕ ਮੇਲੇ ਵਿਚ ਸਿਰਕਤ ਕਰ ਰਹੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਡਾ. ਗੋਸਲ ਨੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ.ਏ.ਯੂ. ਨੇ ਵੱਖੋ-ਵੱਖ ਸਭਿਆਚਾਰਕ ਰੰਗਾਂ ਨਾਲ ਯੂਨੀਵਰਸਿਟੀ ਨੂੰ ਰੁਸ਼ਨਾਉਣ ਵਾਲੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੀ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨਾਲ ਸਾਂਝ ਪੁਆਈ।
ਇਸ ਮੌਕੇ ਸ਼ੀ੍ ਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅਗਾਮੀ ਚੋਣਾਂ ਵਿਚ ਵੋਟ ਦੀ ਸਹੀ ਕੀਮਤ ਪ੍ਰਤੀ ਨਾਗਰਿਕਾਂ ਨੂੰ ਜਾਗਰੁਕ ਕੀਤਾ ਅਤੇ ਸਾਰਿਆਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ।