ਸਫਲਤਾ ਨਾਲ ਕੌਮੀ ਯੁਵਕ ਮੇਲਾ ਆਯੋਜਿਤ ਹੋਣ ਤੇ ਪੀ.ਏ.ਯੂ. ਵਾਈਸ ਚਾਂਸਲਰ ਨੇ ਆਯੋਜਨ ਕਮੇਟੀਆਂ ਦੀ ਸ਼ਲਾਘਾ ਕੀਤੀ
ਲੁਧਿਆਣਾ 5 ਅਪ੍ਰੈਲ (ਅਮਰੀਕ ਸਿੰਘ ਸੱਗੂ )
ਪੀ.ਏ.ਯੂ. ਵਿਚ ਅੱਜ ਇਕ ਉੱਚ ਪੱਧਰੀ ਮੀਟਿੰਗ ਵਿਸ਼ੇਸ਼ ਤੌਰ ਤੇ ਹੋਈ ਜਿਸਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਬੀਤੇ ਦਿਨੀਂ ਯੂਨੀਵਰਸਿਟੀ ਵਿਚ ਕਰਵਾਏ ਗਏ 37ਵੇਂ ਕੌਮੀ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਸਫਲਤਾ ਨਾਲ ਕਰਵਾਏ ਜਾਣ ਉਪਰੰਤ ਆਤਮ ਮੰਥਨ ਲਈ ਕਰਵਾਈ ਗਈ ਸੀ|
ਵਾਈਸ ਚਾਂਸਲਰ ਡਾ. ਗੋਸਲ ਨੇ ਮੀਟਿੰਗ ਵਿਚ ਮੌਜੂਦ ਉੱਚ ਅਧਿਕਾਰੀਆਂ ਅਤੇ ਆਯੋਜਨ ਲਈ ਬਣੀਆਂ ਕਮੇਟੀਆਂ ਦੇ ਸੰਯੋਜਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਪੀ.ਏ.ਯੂ. ਨੇ ਪਹਿਲੀ ਵਾਰ ਇਸ ਪੱਧਰ ਦਾ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਆਯੋਜਨ ਕੀਤਾ| ਇਸਲਈ ਪੀ.ਏ.ਯੂ. ਦੇ ਸਮੁੱਚੇ ਅਮਲੇ ਅਤੇ ਕਰਮਚਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ| ਵਾਈਸ ਚਾਂਸਲਰ ਨੇ ਕਿਹਾ ਕਿ ਵੱਖ-ਵੱਖ ਕਮੇਟੀਆਂ ਅਤੇ ਕਰਮਚਾਰੀਆਂ ਨੇ ਨਿੱਜੀ ਤੌਰ ਤੇ ਵੀ ਪੂਰੀ ਲਗਨ ਅਤੇ ਸਮਰਪਣ ਨਾਲ ਇਸ ਮੇਲੇ ਦੇ ਆਯੋਜਨ ਵਿਚ ਹਿੱਸਾ ਪਾਇਆ| ਇਸਲਈ ਇਹ ਸਫਲਤਾ ਸਾਂਝੇ ਰੂਪ ਵਿਚ ਮਾਨਣ ਵਾਲੀ ਹੈ| ਉਹਨਾਂ ਕਿਹਾ ਕਿ ਮਹਿਮਾਨ ਯੂਨੀਵਰਸਿਟੀਆਂ ਦੇ ਨਿਰਦੇਸ਼ਕ ਅਤੇ ਕਲਾਕਾਰ ਬਹੁਤ ਖੁਸ਼ ਹੋ ਕੇ ਇਸ ਮੇਲੇ ਦਾ ਹਿੱਸਾ ਬਣੇ ਅਤੇ ਉਹਨਾਂ ਦੇ ਚੇਹਰੇ ਤੇ ਸਾਰੇ ਪ੍ਰਬੰਧਾਂ ਬਾਰੇ ਸੰਤੁਸ਼ਟੀ ਦੇ ਭਾਵ ਝਲਕਦੇ ਸਨ| ਇਹ ਗੱਲ ਪੂਰੇ ਪੀ.ਏ.ਯੂ. ਪਰਿਵਾਰ ਲਈ ਮਾਣ ਕਰਨ ਯੋਗ ਹੈ|
ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਵੀ ਸਾਰੀਆਂ ਕਮੇਟੀਆਂ ਦੇ ਸੰਯੋਜਕਾਂ, ਉੱਪ ਸੰਯੋਜਕਾਂ ਅਤੇ ਬਾਕੀ ਜੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਇਸ ਮੇਲੇ ਨੂੰ ਇਕ ਕਾਮਯਾਬ ਆਯੋਜਨ ਕਿਹਾ ਜੋ ਦੇਰ ਤੱਕ ਚੇਤਿਆਂ ਵਿਚ ਮਹਿਕਦਾ ਰਹੇਗਾ| ਉਹਨਾਂ ਕਿਹਾ ਕਿ ਹਰ ਐਡਾ ਵੱਡਾ ਸਮਾਗਮ ਬਹੁਤ ਕੁਝ ਸਿੱਖਣ ਦਾ ਸਬੱਬ ਵੀ ਹੁੰਦਾ ਹੈ ਜੋ ਭਵਿੱਖ ਵਿਚ ਕਿਸੇ ਸੰਸਥਾ ਦੇ ਤਾਲਮੇਲ ਲਈ ਇਕ ਸਬਕ ਵਾਂਗ ਕੰਮ ਆ ਸਕਦਾ ਹੈ|
ਯਾਦ ਰਹੇ ਕਿ ਹੁਨਰ ਫੈਸਟੀਵਲ ਸਿਰਲੇਖ ਹੇਠ ਪੀ.ਏ.ਯੂ. ਨੇ ਰਾਸ਼ਟਰੀ ਪੱਧਰ ਇਸ ਯੁਵਕ ਮੇਲੇ ਨੂੰ ਬੇਹੱਦ ਕਾਮਯਾਬੀ ਨਾਲ ਕਰਵਾਇਆ ਅਤੇ ਇਸਦੀ ਗੂੰਜ ਕਲਾਤਮਕ ਅਤੇ ਸੱਭਿਆਚਾਰਕ ਹਲਕਿਆਂ ਵਿਚ ਪੂਰੇ ਦੇਸ਼ ਭਰ ਤੱਕ ਸੁਣਾਈ ਦਿੱਤੀ|