ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਵਿਸਾਖੀ ਦੇ ਮੌਕੇ ਤੇ ਕਿਸਾਨੀ ਸਮਾਜ ਅਤੇ ਸ਼ਹਿਰੀਆਂ ਨੂੰ ਵਧਾਈ ਸੰਦੇਸ਼ ਦਿੱਤਾ
ਲੁਧਿਆਣਾ 12 ਅਪ੍ਰੈਲ Tehelka Tv
ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਸਾਖੀ ਦੇ ਸੰਬੰਧ ਵਿਚ ਪੰਜਾਬ ਅਤੇ ਭਾਰਤ ਦੇ ਕਿਸਾਨਾਂ, ਕਿਸਾਨੀ ਸਮਾਜ ਨਾਲ ਸੰਬੰਧਿਤ ਹੋਰ ਵਰਗਾਂ ਅਤੇ ਸਮੁੱਚੇ ਸ਼ਹਿਰੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ| ਡਾ. ਗੋਸਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਿਸਾਖੀ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਕਿਸਾਨੀ ਨਾਲ ਸੰਬੰਧਿਤ ਲੋਕਾਂ ਦਾ ਸਦੀਆਂ ਪੁਰਾਣਾ ਤਿਉਹਾਰ ਹੈ| ਹਾੜ੍ਹੀ ਫਸਲ ਦੇ ਘਰ ਆਉਣ ਦੀ ਖੁਸ਼ੀ ਵਿਚ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਸੰਬੰਧ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਦੇ ਇਤਿਹਾਸ ਨਾਲ ਵੀ ਜੁੜਿਆ ਹੋਇਆ ਹੈ| ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਪਾਏ ਪੰਜਾਬੀਆਂ ਦੇ ਯੋਗਦਾਨ ਦਾ ਇਕ ਅਹਿਮ ਪੰਨਾ ਜ਼ਿਲ੍ਹਿਆਂ ਵਾਲੇ ਬਾਗ ਦੇ ਸ਼ਹੀਦੀ ਸਾਕੇ ਨਾਲ ਸੰਬੰਧਿਤ ਹੈ| ਇਸਲਈ ਇਹ ਤਿਉਹਾਰ ਪੰਜਾਬੀਆਂ ਦੇ ਅਰਥਚਾਰੇ, ਬਿਹਤਰ ਮਨੁੱਖ ਦੀ ਸਿਰਜਣਾ ਅਤੇ ਕੁਰਬਾਨੀ ਦੇ ਸੁਭਾਅ ਨੂੰ ਉਜਾਗਰ ਕਰਦਾ ਹੈ| ਉਹਨਾਂ ਆਸ ਪ੍ਰਗਟਾਈ ਕਿ ਇਹ ਤਿਉਹਾਰ ਸਮੁੱਚੇ ਕਿਸਾਨੀ ਭਾਈਚਾਰੇ ਲਈ ਖੁਸ਼ੀਆਂ ਅਤੇ ਸੁਪਨਿਆਂ ਦੀ ਪੂਰਤੀ ਦੇ ਮੌਕੇ ਲੈ ਕੇ ਆਵੇ| ਡਾ. ਗੋਸਲ ਨੇ ਕਿਹਾ ਕਿ ਹਾੜੀ ਦੀਆਂ ਫ਼ਸਲਾਂ ਵਢਾਈ ਲਈ ਬਿਲਕੁਲ ਤਿਆਰ ਹਨ| ਕਿਸਾਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਉਹਨਾਂ ਕਾਮਨਾ ਕੀਤੀ ਕਿ ਆਉਂਦੇ ਦਿਨਾਂ ਵਿਚ ਕੁਦਰਤ ਮਿਹਰਬਾਨ ਰਹੇ, ਮੌਸਮ ਸਾਜ਼ਗਾਰ ਬਣਿਆ ਰਹੇ ਅਤੇ ਅਨਾਜ ਦਾ ਇੱਕ-ਇੱਕ ਦਾਣਾ ਠੀਕ ਤਰੀਕੇ ਨਾਲ ਸੰਭਾਲਿਆ ਜਾਵੇ| ਉਹਨਾਂ ਕਿਹਾ ਕਿ ਸਾਨੂੰ ਵਿਸਾਖੀ ਦੇ ਪਾਵਨ ਮੌਕੇ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਇਹ ਅਣਮੁੱਲੀ ਵਿਰਾਸਤ ਆਉਣ ਵਾਲੀਆਂ ਪੀੜੀਆਂ ਲਈ ਸੰਭਾਲੀ ਜਾ ਸਕੇ| ਇਸਦੇ ਨਾਲ ਹੀ ਡਾ. ਗੋਸਲ ਨੇ ਆਉਂਦੇ ਸਾਉਣੀ ਸੀਜ਼ਨ ਲਈ ਪੀ.ਏ.ਯੂ. ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਕਾਸ਼ਤ ਦਾ ਸੱਦਾ ਕਿਸਾਨਾਂ ਨੂੰ ਦਿੱਤਾ| ਡਾ. ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਪੀ.ਏ.ਯੂ. ਦੀਆਂ ਸਾਉਣੀ ਦੀਆਂ ਫਸਲਾਂ ਦੀਆਂ ਕਿਸਮਾਂ ਦੇ ਬੀਜ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਲਾਵਾ ਪੀ.ਏ.ਯੂ. ਦੀ ਬੀਜਾਂ ਦੀ ਦੁਕਾਨ ਤੋਂ ਖਰੀਦੇ ਜਾ ਸਕਦੇ ਹਨ|