ਆਉਂਦੇ ਸਾਉਣੀ ਸੀਜ਼ਨ ਦੌਰਾਨ ਨਰਮੇ ਦੀ ਸੁਚੱਜੀ ਕਾਸ਼ਤ ਲਈ ਅੰਤਰਰਾਜੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ

0
H07F
 
ਲੁਧਿਆਣਾ 12 ਅਪ੍ਰੈਲ , 2024  Tehelka Tv
ਸਾਉਣੀ-2024 ਦੌਰਾਨ ਨਰਮੇ ਦੀ ਕਾਸ਼ਤ ਬਾਰੇ ਵਿਉਂਤਬੰਦੀ ਕਰਨ ਲਈ ਅੰਤਰਰਾਜੀ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬਠਿੰਡਾ ਦੇ ਖੇਤੀ ਭਵਨ ਵਿਚ ਹੋਈ| ਇਸਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|
ਮੀਟਿੰਗ ਦਾ ਉਦੇਸ਼ ਕਈ ਮਹੱਤਵਪੂਰਨ ਮਸਲਿਆਂ ਤੇ ਵਿਚਾਰ ਕਰਨਾ ਸੀ| ਇਹਨਾਂ ਵਿਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨਾਲ ਨਜਿੱਠਣ ਦੀ ਰਣਨੀਤੀ ਪ੍ਰਮੁੱਖ ਹੈ| ਇਸ ਤੋਂ ਇਲਾਵਾ ਚਿੱਟੀ ਮੱਖੀ ਦੀ ਬੇਮੌਸਮੀ ਰੋਕਥਾਮ ਲਈ ਜਾਰੀ ਨਦੀਨਾਂ ਦੇ ਖਾਤਮੇ ਦੀ ਮੁਹਿੰਮ ਦਾ ਜਾਇਜ਼ਾ ਵੀ ਲਿਆ ਗਿਆ| ਨਰਮੇ ਦੀਆਂ ਬੀਤੇ ਵਰ੍ਹੇ ਦੀਆਂ ਛਟੀਆਂ ਦੀ ਸੰਭਾਲ ਤੋਂ ਇਲਾਵਾ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਵੀ ਮੀਟਿੰਗ ਵਿਚ ਹੋਇਆ| ਨਾਲ ਹੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਤਾਈ ਮਿੱਲਾਂ ਅਤੇ ਤੇਲ ਕੱਢਣ ਵਾਲੇ ਯੂਨਿਟਾਂ ਵਿਚ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਵਿਚਾਰ ਕੀਤੀ ਗਈ|
ਇਸ ਮੀਟਿੰਗ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਤੋਂ ਇਲਾਵਾ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀ ਸ਼ਾਮਿਲ ਹੋਏ| ਨਾਲ ਹੀ ਬਠਿੰਡਾ, ਫਰੀਦਕੋਟ ਅਤੇ ਅਬੋਹਰ ਦੇ ਖੋਜ ਕੇਂਦਰਾਂ ਦੇ ਨਿਰਦੇਸ਼ਕ ਅਤੇ ਪੀ.ਏ.ਯੂ. ਦੇ ਮੁੱਖ ਕੀਟ ਵਿਗਿਆਨ ਡਾ. ਵਿਜੈ ਕੁਮਾਰ ਸਹਿਤ ਹਿਸਾਰ ਦੀ ਖੇਤੀਬਾੜੀ ਯੂਨੀਵਰਸਿਟੀ, ਸਿਰਸਾ ਦੇ ਆਈ ਸੀ ਏ ਆਰ ਨਰਮਾ ਕੇਂਦਰ ਦੇ ਉਪ ਨਿਰਦੇਸ਼ਕ ਤੋਂ ਇਲਾਵਾ ਪੰਜਾਬ ਦੀ ਨਰਮਾ ਪੱਟੀ ਤੋਂ ਖੇਤੀਬਾੜੀ ਅਧਿਕਾਰੀ ਵੀ ਮੀਟਿੰਗ ਵਿਚ ਸ਼ਾਮਿਲ ਸਨ|
ਇਸ ਮੌਕੇ ਨਰਮੇ ਦੀ ਕਾਸ਼ਤ ਦੇ ਰਕਬੇ ਨੂੰ ਪੰਜਾਬ ਵਿਚ 2 ਲੱਖ ਹੈਕਟੇਅਰ ਤੱਕ ਵਧਾਉਣ ਬਾਰੇ ਵਿਚਾਰਾਂ ਹੋਈਆਂ| ਪੀ.ਏ.ਯੂ. ਵੱਲੋਂ ਸ਼ਿਫ਼ਾਰਸ਼ ਕੀਤੇ ਹਾਈਬ੍ਰਿਡਾਂ ਦੀ ਕਾਸ਼ਤ ਉੱਪਰ ਜ਼ੋਰ ਦੇਣ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਨਰਮਾ ਪੱਟੀ ਵਿਚ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਤੋਂ ਗੁਰੇਜ਼ ਕਰਨ ਲਈ ਕਿਸਾਨਾਂ ਨੂੰ ਕਿਹਾ ਗਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਨਰਮੇ ਦੀ ਸਮੇਂ ਸਿਰ ਬਿਜਾਈ ਬਾਰੇ ਗੱਲ ਕਰਦਿਆਂ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੇ ਬੀ ਟੀ ਕਾਟਨ ਹਾਈਬ੍ਰਿਡਜ਼ ਅਤੇ ਕੀਟਨਾਸ਼ਕਾਂ ਦੀ ਵਰਤੋਂ ਉੱਪਰ ਜ਼ੋਰ ਦਿੱਤਾ| ਇਸਦੇ ਨਾਲ ਹੀ ਉਹਨਾਂ ਨੇ ਪੋਸ਼ਕ ਤੱਤਾਂ ਦੇ ਸੰਤੁਲਨ ਦੇ ਨਾਲ-ਨਾਲ ਸੰਯੁਕਤ ਕੀਟ ਪ੍ਰਬੰਧਨ ਤਕਨਾਲੋਜੀ ਅਪਨਾਉਣ ਦੀ ਗੱਲ ਕੀਤੀ|
ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਨੇ ਨਰਮੇ ਦੀ ਸਮੇਂ ਸਿਰ ਬਿਜਾਈ ਲਈ ਅੱਧ ਅਪ੍ਰੈਲ ਤੋਂ ਨਹਿਰੀ ਪਾਣੀ ਉਪਲੱਬਧ ਕਰਾਉਣ ਦੀ ਸਰਕਾਰ ਦੀ ਬਚਨਬੱਧਤਾ ਦੁਹਰਾਈ| ਨਾਲ ਹੀ ਉਹਨਾਂ ਕਿਹਾ ਕਿ ਮਿਆਰੀ ਬੀਜਾਂ ਅਤੇ ਕੀਟਨਾਸ਼ਕਾਂ ਦੀ ਵਿਕਰੀ ਯਕੀਨੀ ਬਨਾਉਣ ਲਈ ਵਿਭਾਗ ਵੱਲੋਂ ਨਿਰੰਤਰ ਨਿਗਰਾਨੀ ਦਾ ਪ੍ਰਬੰਧ ਕੀਤਾ ਜਾਵੇਗਾ|
ਪੀ.ਏ.ਯੂ ਦੇ ਨਿਰਦੇਸ਼ਕ ਖੋਜ ਨੇ ਇਸ ਮੌਕੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਨਵੀਆਂ ਪ੍ਰਜਣਨ ਤਕਨਾਲੋਜੀਆਂ ਜਿਵੇਂ ਪੀ ਬੀ ਨਾਟ ਅਤੇ ਨੈੱਟਮੇਟ ਦਾ ਜ਼ਿਕਰ ਕੀਤਾ| ਉਹਨਾਂ ਆਸ ਪ੍ਰਗਟਾਈ ਕਿ ਇਹਨਾਂ ਨੂੰ ਅਪਣਾ ਕੇ ਗੁਲਾਬੀ ਸੁੰਡੀ ਦੀ ਰੋਕਥਾਮ ਸੰਭਵ ਹੋ ਸਕੇਗੀ|
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਨੇ ਚਿੱਟੀ ਮੱਖੀ ਦੇ ਖਾਤਮੇ ਲਈ ਨਦੀਨਾਂ ਦੀ ਰੋਕਥਾਮ ਵਾਸਤੇ ਚਲਾਈ ਜਾ ਰਹੀ ਮੁਹਿੰਮ ਦਾ ਹਵਾਲਾ ਦਿੱਤਾ|
ਖੇਤੀਬਾੜੀ ਵਿਭਾਗ ਦੇ ਉਪ ਨਿਰਦੇਸ਼ਕ ਨੇ ਕਿਹਾ ਕਿ ਬੀਤੇ ਵਰ੍ਹੇ ਦੀਆਂ ਨਰਮੇ ਦੀਆਂ ਛਟੀਆਂ ਦੀ ਸਾਂਭ-ਸੰਭਾਲ ਵਾਸਤੇ ਢੁੱਕਵੇਂ ਕਦਮ ਚੁੱਕੇ ਗਏ ਹਨ ਅਤੇ ਨਾਲ ਹੀ ਕਤਾਈ ਮਿੱਲਾਂ ਨੂੰ ਵੀ ਯੋਗ ਪ੍ਰਬੰਧ ਕਰਕੇ ਆਉਂਦੇ ਵਰ੍ਹੇ ਲਈ ਗੁਲਾਬੀ ਸੁੰਡੀ ਨੂੰ ਬਚਾ ਦੇ ਉਪਰਾਲੇ ਕੀਤੇ ਗਏ ਹਨ|

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।