ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ ਅਤੇ ਖੇਤ ਨਿਰੰਤਰਤਾ ਇੱਕੀਵੀਂ ਸਦੀ ਦੀ ਗੰਭੀਰ ਚੁਣੌਤੀ-ਸ਼੍ਰੀ ਗੁਲਾਬ ਚੰਦ ਕਟਾਰੀਆ

0
WhatsApp Image 2024-11-12 at 16.42.18 (1)
H07F

ਲੁਧਿਆਣਾ 12 ਨਵੰਬਰ ( ਅਮਰੀਕ ਸਿੰਘ ਪ੍ਰਿੰਸ, )
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ “ਜਲਵਾਯੂ ਪਰਿਵਰਤਨ ਅਤੇ ਊਰਜਾ ਤਬਦੀਲੀ ਦੇ ਸੰਦਰਭ ਵਿਚ ਖੇਤੀ-ਭੋਜਨ ਪ੍ਰਣਾਲੀਆਂ ਨੂੰ ਬਦਲਣ” ਵਿਸ਼ੇ ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ਹੋਈ। ਇੰਡੀਅਨ ਇਕਾਲੌਜੀਕਲ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਸ੍ਰੀ ਗੁਲਾਬ ਚੰਦ ਕਟਾਰੀਆ, ਮਾਣਯੋਗ ਗਵਰਨਰ, ਪੰਜਾਬ ਮੁੱਖ ਮਹਿਮਾਨ ਵਜੋਂ ਅਤੇ ਸ੍ਰੀ ਭਗਵੰਤ ਸਿੰਘ ਮਾਨ, ਮਾਣਯੋਗ ਮੁੱਖ ਮੰਤਰੀ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ. ਨੇ ਕੀਤੀ ਅਤੇ ਉਨ੍ਹਾਂ ਨਾਲ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਆਏ ਡਾ. ਜਾਅਨ ਐੱਚ. ਪਰਕਿਨਸ ਅਤੇ ਇੰਡੀਅਨ ਇਕਾਲੌਜੀਕਲ ਸੋਸਾਇਟੀ ਦੇ ਪ੍ਰਧਾਨ ਡਾ. ਅਸ਼ੋਕ ਧਵਨ ਵੀ ਮੰਚ ਤੇ ਸੁਸ਼ੋਭਿਤ ਰਹੇ।
ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ ਅਤੇ ਖੇਤੀ ਨਿਰੰਤਰਤਾ ਨੂੰ ਇੱਕੀਵੀਂ ਸਦੀ ਦੀਆਂ ਗੰਭੀਰ ਚੁਣੌਤੀਆਂ ਮੰਨਦਿਆਂ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨਾਲ ਸਿਰਫ਼ ਸਾਡਾ ਦੇਸ਼ ਹੀ ਨਹੀਂ ਬਲਕਿ ਪੂਰਾ ਵਿਸ਼ਵ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਨੂੰ ਅਸੀਮ ਨਿਆਮਤਾ ਦਿੱਤੀਆਂ ਹਨ ਪਰ ਅਸੀਂ ਇਨ੍ਹਾਂ ਨੂੰ ਸੰਭਾਲਣ ਦੀ ਬਜਾਇ ਆਪਣੇ ਕੁਦਰਤੀ ਸੋਮਿਆਂ ਦਾ ਘਾਣ ਕਰ ਰਹੇ ਹਾਂ। ਅੱਜ ਸਾਡੀ ਮਿੱਟੀ, ਪੌਣ-ਪਾਣੀ ਅਤੇ ਵਾਤਾਵਰਣ ਗੰਧਲਾ ਹੋ ਰਿਹਾ ਹੈ, ਜੋ ਸਮੁੱਚੀ ਮਾਨਵਤਾ ਲਈ ਖਤਰੇ ਦੀ ਘੰਟੀ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਸਵੈ-ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਉਦਯੋਗਾਂ ਅਤੇ ਖੇਤਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸਾਂਭ-ਸੰਭਾਲ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਸਾਨੂੰ ਚਿਰ-ਸਥਾਈ ਰੋਡ-ਮੈਪ ਬਨਾਉਣੇ ਪੈਣਗੇ। ਪੰਜਾਬ ਦੀ ਜਰਖੇਜ਼ ਧਰਤੀ, ਮਿਹਨਤਕਸ਼ ਕਿਸਾਨਾਂ ਅਤੇ ਪੀ.ਏ.ਯੂ. ਵਿਗਿਆਨੀਆਂ ਦੀ ਦੂਰ-ਅੰਦੇਸ਼ੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਅੰਨ-ਥੁੜ੍ਹਤਾ ਤੋਂ ਅੰਨ-ਬਹੁਲਤਾ ਵੱਲ ਲਿਜਾਣ ਵਾਲੇ ਪੰਜਾਬੀਆਂ ਨੇ ਪੂਰੇ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰਕੇ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਹੈ, ਜਿਸ ਲਈ ਸਮੁੱਚੇ ਦੇਸ਼ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਜਲਵਾਯੂ ਪਰਿਵਰਤਨ ਹੋਣ ਕਰਕੇ ਉਨ੍ਹਾਂ ਕਿਹਾ ਕਿ ਹੁਣ ਸਾਨੂੰ ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਫ਼ਸਲਾਂ ਦੇ ਪੈਟਰਨ ਬਦਲਣੇ ਪੈਣਗੇ, ਟਿਸ਼ੂ ਕਲਚਰ ਅਤੇ ਮਸ਼ੀਨੀ ਬੌਧਿਕਤਾ ਵਰਗੀਆਂ ਤਕਨੀਕਾਂ ਦੀ ਗਤੀ ਤੇਜ਼ ਕਰਨੀ ਪਵੇਗੀ, ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਅਤਿ ਆਧੁਨਿਕ ਮਸ਼ੀਨਰੀ ਦੀ ਵਰਤੋਂ ਅਤੇ ਗੰਧਲੇ ਪਾਣੀ ਨੂੰ ਸਾਫ ਕਰਨ ਲਈ ਵੱਧ ਤੋਂ ਵੱਧ ਟ੍ਰੀਟਮੈਂਟ ਪਲਾਂਟ ਲਗਾਉਣੇ ਪੈਣਗੇ।
ਇਸ ਮੌਕੇ ਸ੍ਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਰਗੀ ਉਪਜਾਊ ਧਰਤੀ ਅਤੇ ਕਿਸਾਨਾਂ ਦੀ ਮਿਹਨਤ ਸਮੁੱਚੇ ਵਿਸ਼ਵ ਲਈ ਆਪਣੇ ਆਪ ਵਿਚ ਇੱਕ ਮਿਸਾਲ ਹੈ, ਜਿਸ ਸਦਕਾ ਦੇਸ਼ ਦੇ ਅੰਨ ਭੰਡਾਰ ਵਿਚ 181 ਲੱਖ ਮੀਟਰਕ ਟਨ ਚੌਲ ਅਤੇ 120 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਉਣ ਵਾਲਾ ਪੰਜਾਬ ਸਮੁੱਚੇ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਲ ਸਾਡੀ ਖੁਰਾਕ ਨਾ ਹੋਣ ਦੇ ਬਾਵਜੂਦ ਅਸੀਂ ਇਸਨੂੰ ਦੇਸ਼ ਵਾਸੀਆਂ ਲਈ ਪੈਦਾ ਕਰ ਰਹੇ ਹਾਂ, ਪਰ ਇਸਦਾ ਖਮਿਆਜ਼ਾ ਸਾਨੂੰ ਲਗਾਤਾਰ ਪਾਣੀ ਦੇ ਪੱਧਰ ਦੀ ਗਿਰਾਵਟ ਵਜੋਂ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਪੈਦਾਵਾਰ ਨੂੰ ਵਧਾਉਣ ਲਈ ਸਾਡਾ ਕਿਸਾਨ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿਚ ਖੇਤੀ ਵਿਰਸੇ ਨੂੰ ਸੰਭਾਲਣ ਲਈ ਪੀ.ਏ.ਯੂ. ਦੇ ਵਿਗਿਆਨੀ ਵੀ ਦਿਨ ਰਾਤ ਇੱਕ ਕਰ ਰਹੇ ਹਨ ਪਰ ਜਲਵਾਯੂ ਪਰਿਵਰਤਨ, ਜਿਸ ਨਾਲ ਅੱਜ ਸਮੁੱਚਾ ਵਿਸ਼ਵ ਜੂਝ ਰਿਹਾ ਹੈ, ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਵਾਤਾਵਰਣ ਦੀ ਸਾਂਭ-ਸੰਭਾਲ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਉਹਨਾਂ ਫਿਰੋਜ਼ਦੀਨ ਸਰਫ਼ ਦੀਆਂ ਸਤਰਾਂ ‘ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ਼ ਪੰਜਾਬ ਦਾ’ ਉਚਾਰਦਿਆਂ ਕਿਹਾ ਕਿ ਇਸ ਨਗ਼ ਦੀ ਚਮਕ ਫਿੱਕੀ ਨਾ ਪਵੇ, ਇਸ ਲਈ ਸਾਨੂੰ ਆਪਣੇ ਪੌਣ-ਪਾਣੀ ਅਤੇ ਵਾਤਾਵਰਣ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਕੀਟ-ਨਾਸ਼ਕ ਜ਼ਹਿਰਾਂ ਦੀ ਅੰਧਾਧੁੰਦ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਹਿੰਦਿਆਂ ਉਹਨਾਂ ਦੱਸਿਆ ਕਿ ਪੀ.ਏ.ਯੂ. ਮਾਹਿਰਾਂ ਦੀ ਮਦਦ ਨਾਲ ਪੰਜਾਬ ਸਰਕਾਰ ਵੱਲੋਂ ਅੱਠ ਕੀਟ ਨਾਸ਼ਕਾਂ ਤੇ ਪਾਬੰਦੀ ਲਗਾਈ ਗਈ ਹੈ। ਪਰਾਲੀ ਅਤੇ ਖੇਤਾਂ ਦੀ ਹੋਰ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਥਾਂ ਮਸ਼ੀਨਾਂ ਨਾਲ ਉਹਨਾਂ ਦੀ ਸਾਂਭ-ਸੰਭਾਲ ਕਰਨ ਦੀ ਤਾਕੀਦ ਕਰਦਿਆਂ ਉਹਨਾਂ ਕਿਹਾ ਕਿ ਫਸਲ ਨੂੰ ਬੀਜਣ, ਪਾਣੀ ਲਗਾਉਣ ਅਤੇ ਛਿੜਕਾਅ ਕਰਨ ਦੇ ਨਵੇਂ ਢੰਗ ਤਰੀਕਿਆਂ ਨੂੰ ਅਪਣਾ ਕੇ ਅਸੀਂ ਖੇਤੀ ਪੈਦਾਵਾਰ ਵਧਾ ਸਕਦੇ ਹਾਂ, ਸੋ ਸਾਨੂੰ ਨਵੀਆਂ ਤਕਨੀਕਾਂ ਨਾਲ ਕਦਮ ਮਿਲਾ ਕੇ ਤੁਰਨ ਦੀ ਲੋੜ ਹੈ। ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਜਲਦੀ ਸੰਭਲਣ ਦੀ ਲੋੜ ਹੈ, ਤਾਂ ਜੋ ਪੰਜਾਬ ਕੇਵਲ ਨਾਂ ਦਾ ਹੀ ਪੰਜ ਆਬ ਨਾ ਰਹਿ ਜਾਵੇ, ਇਸ ਲਈ ਸਾਨੂੰ ਸਮਾਜਿਕ ਲਹਿਰ ਬਨਾਉਣੀ ਪਵੇਗੀ।
ਇਸ ਮੌਕੇ ਕਾਨਫਰੰਸ ਵਿਚ ਸ਼ਿਰਕਤ ਕਰ ਰਹੇ ਦੇਸ਼-ਪ੍ਰਦੇਸ਼ ਤੋਂ ਆਏ ਵਿਗਿਆਨੀਆਂ ਅਤੇ ਪਤਵੰਤਿਆਂ ਨੂੰ ਜੀਅ ਆਇਆਂ ਕਹਿੰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਵਿਚ ਜੁਟੀ ਪੀ.ਏ.ਯੂ. ਇਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸਨੂੰ ਸਾਲ 2023-24 ਦੀ ਦਰਜਾਬੰਦੀ ਵਿਚ 75 ਰਾਜ ਖੇਤੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਹਾਸਿਲ ਹੋਇਆ ਹੈ, ਜਿਸਦਾ ਸਿਹਰਾ ਖੇਤੀ ਵਿਗਿਆਨੀਆਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਉਹਨਾਂ ਦੱਸਿਆ ਕਿ ਖੇਤੀ ਨੂੰ ਦਰਪੇਸ਼ ਹਰ ਚੁਣੌਤੀ ਨੂੰ ਨਜਿੱਠਣ ਵਿਚ ਪੀ.ਏ.ਯੂ. ਹਮੇਸ਼ਾ ਹੀ ਤਤਪਰ ਰਹਿੰਦੀ ਹੈ। ਲੇਕਿਨ ਜਲਵਾਯੂ ਪਰਿਵਰਤਨ ਇੱਕੀਵੀਂ ਸਦੀ ਦੀ ਗੰਭੀਰ ਚੁਣੌਤੀ ਹੈ, ਜਿਸਦਾ ਹੱਲ ਲੱਭਣ ਲਈ ਸਾਡੇ ਵਿਗਿਆਨੀ ਇਸ ਕਾਨਫਰੰਸ ਵਿਚ ਵਿਚਾਰ-ਵਟਾਂਦਰੇ ਕਰਨਗੇ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਚੁਣੌਤੀ ਨੂੰ ਨਜਿੱਠਣ ਵਿਚ ਵੀ ਪੀ.ਏ.ਯੂ. ਮੋਹਰੀ ਭੂਮਿਕਾ ਨਿਭਾਵੇਗੀ।
ਇਸ ਮੌਕੇ ਡਾ. ਅਸ਼ੋਕ ਧਵਨ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਲ 1974 ਵਿਚ ਬਣੀ ਇਹ ਸੁਸਾਇਟੀ ਆਪਣੇ ਗੋਲਡਨ ਜੁਬਲੀ ਵਰ੍ਹਾ ਮਨਾ ਰਹੀ ਹੈ। ਡਾ. ਜਾਅਨ ਐੱਚ. ਪਾਰਕਿਨਸ ਨੇ ਸੁਸਾਇਟੀ ਵੱਲੋਂ ਪਾਏ ਜਾ ਰਹੇ ਯੋਗਦਾਨ ਤੇ ਚਾਨਣਾ ਪਾਇਆ। ਡਾ. ਵਿਜੇ ਨੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ ਅਤੇ ਵਿਗਿਆਨੀਆਂ ਨੂੰ ਧੰਨਵਾਦ ਦੇ ਸ਼ਬਦ ਕਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed