ਭੈਣ ਨਾਨਕੀ ਗੁਰੂ ਨਾਨਕ ਵੀਰ ਨੂੰ.

0
vSG
H07F

ਭੈਣ ਨਾਨਕੀ ਗੁਰੂ ਨਾਨਕ ਵੀਰ ਨੂੰ…

◾️ਗੁਰਭਜਨ ਗਿੱਲ

ਭੈਣ ਨਾਨਕੀ ਪੁੱਛਦੀ ਫਿਰਦੀ,
ਏਸ ਸ਼ਹਿਰ ਵਿੱਚ ਕਿੰਨੇ ਚਿਰ ਦੀ,
ਦਿਨ ਚੜ੍ਹਿਆ ਤ੍ਰਿਕਾਲਾਂ ਢਲੀਆਂ,
ਵਿੱਚ ਸੁਲਤਾਨਪੁਰੇ ਦੀਆਂ ਗਲੀਆਂ,
ਸੂਰਜ ਵੀ ਆਪਣੇ ਘਰ ਚੱਲਿਆ,
ਬਿਰਖਾਂ ਸਾਂਭੀ ਛਾਇਆ……. ।
ਵੀਰਨ ਨਹੀਂ ਆਇਆ…… ।

ਪੰਜ ਸਦੀਆਂ ਤੋਂ ਅੱਧੀ ਉੱਤੇ ।
ਬੜੇ ਜਗਾਏ ਲੋਕੀਂ ਸੁੱਤੇ ।
ਸ਼ੀਹਾਂ ਅਤੇ ਮੁਕੱਦਮਾਂ ਮੁੜ ਕੇ,
ਸਭ ਥਾਂ ਨਾਕਾ ਲਾਇਆ ।
ਵੀਰਨ ਨਹੀਂ ਆਇਆ,

ਉਸ ਨੇ ਸਾਨੂੰ ਜਿੱਥੋਂ ਮੋੜਿਆ ।
ਭਰਮ ਦਾ ਭਾਂਡਾ ਜੋ ਜੋ ਤੋੜਿਆ ।
ਓਸੇ ਰਾਹ ਤੇ ਉਲਝੇ ਜਿੱਥੋਂ,
ਵਰਜਿਆ ਤੇ ਸਮਝਾਇਆ ।
ਨਾਨਕ ਨਹੀਂ ਆਇਆ ।

ਬੇਈਂ ਨੂੰ ਉਸ ਪੁੱਛਿਆ ਜਾ ਕੇ ।
ਕਿੱਥੇ ਗਿਆ ਤੇਰੇ ਜਲ ਵਿੱਚ ਨ੍ਹਾ ਕੇ ।
ਇੱਕ ਓਂਕਾਰ ਸਬਕ ਦਾ ਪਾਹਰੂ,
ਕਿਹੜੇ ਵਤਨ ਸਿਧਾਇਆ ।
ਨਾਨਕ ਨਹੀਂ ਆਇਆ…….. ।

ਧਰਤੀ ਕਾਗਦਿ ਪਿਆ ਉਡੀਕੇ ।
ਆਵੇ ਮੁੜ ਕੇ ਸ਼ਬਦ ਉਲੀਕੇ ।
ਨਵੇਂ ਪੂਰਨੇ ਪਾ ਜਾਵੇ ਫਿਰ,
ਮਾਂ ਤ੍ਰਿਪਤਾ ਦਾ ਜਾਇਆ ।
ਨਾਨਕ ਨਹੀਂ ਆਇਆ……… ।

ਕੰਨ ਪਾੜਵੇਂ ਢੋਲ ਢਮੱਕੇ ।
ਪਾਪੀ ਮਨ ਵੀ ਧੁਨ ਦੇ ਪੱਕੇ ।
ਕਿਣਕਾ ਵੀ ਨਾ ਹਿੱਲਦੇ ਭੋਰਾ,
ਬਿਰਥਾ ਜਨਮ ਗਵਾਇਆ ।
ਨਾਨਕ ਨਹੀਂ ਆਇਆ……. ।

ਥਾਂ ਥਾਂ ਤੰਬੂ ਅਤੇ ਕਨਾਤਾਂ ।
ਪਹਿਲਾਂ ਨਾਲ਼ੋਂ ਕਾਲੀਆਂ ਰਾਤਾਂ ।
ਦਿਨ ਵੀ ਜਿਉਂ ਘਸਮੈਲਾ ਵਰਕਾ,
ਮਨ ਪਰਦੇਸ ਸਿਧਾਇਆ ।
ਨਾਨਕ ਨਹੀਂ ਆਇਆ……. ।

ਰਲ ਮਿਲ ਸਾਰੇ ਚੋਰਾਂ ਯਾਰਾਂ ।
ਮਨ ਖੋਟੇ ਦਿਆਂ ਠੇਕੇਦਾਰਾਂ ।
ਗਿਆਨ ਗੋਸ਼ਟਾਂ, ਵੇਚੀ ਕਵਿਤਾ,
ਜਿਸ ਹੱਥ ਜੋ ਵੀ ਆਇਆ ।
ਨਾਨਕ ਨਹੀਂ ਆਇਆ ।

ਨਾ ਇਹ ਬਾਬਰ ਕਾਬਲੋਂ ਧਾਇਆ ।
ਨਾ ਹੀ ਫ਼ੌਜਾਂ ਨਾਲ ਲਿਆਇਆ ।
ਫਿਰ ਵੀ ਲੈ ਗਿਆ ਬੋਲ ਤੇ ਬਾਣੀ,
ਸੋਨਾ ਰੇਤ ਰੁਲਾਇਆ ।
ਨਾਨਕ ਨਹੀਂ ਆਇਆ ।
ਵੀਰਨ ਨਹੀਂ ਆਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed