ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਲਗਾਉਣ ਲਈ ‘ਇੱਕ ਰੋਜ਼ਾ ਅਸੈਸਮੈਂਟ ਕੈਂਪ’ ਦਾ ਆਯੋਜਨ 18 ਜਨਵਰੀ ਨੂੰ

0
H07F

ਲੁਧਿਆਣਾ, 04 ਜਨਵਰੀ ( ਅਮਰੀਕ ਸਿੰਘ ਪ੍ਰਿੰਸ ) – ਦਿਵਿਆਂਗਜਨਾਂ ਦੀ ਭਲਾਈ ਅਤੇ ਉਨ੍ਹਾਂ ਦੀ ਰੋਜ਼ਮਰਾ ਜਿੰਦਗੀ ਨੂੰ ਸੁਖਾਵੀਂ ਬਣਾਉਣ ਦੇ ਮੰਤਵ ਨਾਲ, 18 ਜਨਵਰੀ 2024 ਦਿਨ ਵੀਰਵਾਰ ਨੂੰ ਦਫ਼ਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਵਿਖੇ ਦਿਵਿਆਂਗਜਨਾਂ ਲਈ ਬਣਾਉਟੀ ਅੰਗ ਲਗਾਉਣ ਲਈ ਅਲਿਮਕੋ ਵੱਲੋ ‘ਇੱਕ ਰੋਜ਼ਾ ਅਸੈਸਮੈਂਟ ਕੈਂਪ’ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਗੌਤਮ ਜੈਨ, ਆਈ.ਏ.ਐਸ. ਵਲੋਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ, ਲੁਧਿਆਣਾ ਸੁਰਭੀ ਮਲਿਕ ਵਲੋਂ ਜਾਰੀ ਹਦਾਇਤਾ ਅਨੁਸਾਰ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਅਧੀਨ ਆਉਂਦੀ ਸੰਸਥਾ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਉਹਨਾ ਨੂੰ ਬਣਾਉਟੀ ਅੰਗ ਲਗਾਉਣ ਲਈ 18 ਜਨਵਰੀ 2024 ਦਿਨ ਵੀਰਵਾਰ ਨੂੰ ‘ਇੱਕ ਰੋਜ਼ਾ ਅਸੈਸਮੈਂਟ ਕੈਂਪ’ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸਮਾਜ ਭਲਾਈ ਕੰਪਲੈਕਸ ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ, ਲੁਧਿਆਣਾ ਵਿਖੇ ਲਗਾਇਆ ਜਾਣਾ ਹੈ।

ਉਨ੍ਹਾ ਅੱਗੇ ਦੱਸਿਆ ਕਿ ਅਲਿਮਕੋ ਸੰਸਥਾ ਦਿਵਿਆਂਗਜਨਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਜਿਉਣ ਦੇ ਸਮਰੱਥ ਬਣਾਉਣ ਲਈ ਅਤੇ ਆਪਣੀ ਦਿਨ ਚਰਿਆ ਨੂੰ ਨਜਿੱਠਣ ਲਈ ਨਕਲੀ ਅੰਗ ਮੁਹੱਈਆ ਕਰਵਾ ਕੇ ਹਰ ਇੱਕ ਦਿਵਿਆਗਜਨ ਨੂੰ ਆਪਣੀ ਜ਼ਿੰਦਗੀ ਵਿੱਚ ਸਮਰੱਥ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਦੀ ਹੈ। ਇਸ ਕੜੀ ਦੀ ਲਗਾਤਾਰਤਾ ਵਿੱਚ ਅਲਿਮਕੋ ਵੱਲੋ ਲੁਧਿਆਣਾ ਜਿਲ੍ਹੇ ਵਿੱਚ ਸਿਰਫ ਇੱਕ ਰੋਜ਼ਾ ਅਸੈਸਮੈਂਟ ਕੈਂਪ ਦਫ਼ਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਿਖੇ 18 ਜਨਵਰੀ 2024 ਦਿਨ ਵੀਰਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਇਆ ਜਾਵੇਗਾ।

ਉਨ੍ਹਾਂ ਲੁਧਿਆਣਾ ਜਿਲ੍ਹੇ ਦੇ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਚਾਹਵਾਨ ਲਾਭਪਾਤਰੀ ਆਪਣਾ ਦਿਵਿਆਂਗਤਾ ਦਾ ਸਰਟੀਫਿਕੇਟ ਜਾਂ ਯੂ.ਡੀ.ਆਈ.ਡੀ. ਕਾਰਡ ਅਸਲ ਅਤੇ ਉਸਦੀ ਇੱਕ ਫੋਟੋ ਕਾਪੀ, ਇੱਕ ਪਾਸਪੋਰਟ ਸਾਇਜ਼ ਤਾਜ਼ਾ ਫੋਟੋ, ਆਪਣਾ ਆਧਾਰ ਕਾਰਡ ਅਤੇ ਉਸਦੀ ਇੱਕ ਫੋਟੋ ਕਾਪੀ, ਆਪਣਾ ਵੋਟਰ ਕਾਰਡ ਅਤੇ ਉਸਦੀ ਇੱਕ ਫੋਟੋ ਕਾਪੀ, ਇੱਕ ਆਮਦਨ ਦਾ ਸਰਟੀਫਿਕੇਟ ਜਿਹੜਾ ਕਿ ਸਮਰੱਥ ਅਥਾਰਟੀ ਵੱਲੋ ਜਾਰੀ ਕੀਤਾ ਗਿਆ ਹੋਵੇ, ਜਿਸ ਵਿੱਚ ਉਹਨਾ ਦੀ ਆਮਦਨ ਪ੍ਰਤੀ ਮਹੀਨਾ 22,500/- ਤੋਂ ਜਿਆਦਾ ਨਾ ਹੋਵੇ, ਉਹ ਨਾਲ ਲੈ ਕੇ ਆਉਣ ਅਤੇ ਆਪਣੀ ਅਸੈਸਮੈਂਟ ਅਲਿਮਕੋ ਵੱਲੋ ਆਈ ਟੀਮ ਕੋਲ ਕਰਵਾਉਣ ਤਾਂ ਜੋ ਉਹਨਾ ਨੂੰ ਬਹੁਤ ਜਲਦੀ ਨੇੜਲੇ ਭਵਿੱਖ ਵਿੱਚ ਉਹਨਾ ਦੀ ਜਰੂਰਤ ਦਾ ਸਮਾਨ ਮਹੱਈਆ ਕਰਵਾਇਆ ਜਾ ਸਕੇ।

ਉਨ੍ਹਾ ਇਹ ਵੀ ਦੱਸਿਆ ਕਿ ਜੇਕਰ ਕੋਈ ਦਿਵਿਆਂਗਜਨ ਭੈਣ-ਭਰਾ ਜਿਸ ਨੇ ਪਿਛਲੇ ਤਿੰਨ ਤੋਂ ਪੰਜ ਸਾਲਾ ਦੇ ਸਮੇਂ ਦੌਰਾਨ ਅਲਿਮਕੋ ਨਾਲ ਰਜਿਸਟਰੇਸ਼ਨ ਨਾ ਕਰਵਾ ਕੇ ਜਾਂ ਅਲਿਮਕੋ ਵੱਲੋ ਕੋਈ ਬਣਾਉਟੀ ਅੰਗ ਜਾਂ ਉਪਕਰਨ ਜਾਂ ਕੋਈ ਹੋਰ ਸਹਾਇਤਾ ਨਹੀ ਲਈ, ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ। ਜੇਕਰ ਕੋਈ ਦਿਵਿਆਂਗਜਨ ਸਮਾਜਿਕ ਸੁਰੱਖਿਆ ਵਿਭਾਗ ਦੀ ਦਿਵਿਆਗਜਨ ਪੈਨਸ਼ਨ 1500/- ਰੁਪਏ ਪ੍ਰਤੀ ਮਹੀਨਾ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਇਹਨਾ ਉਕਤ ਦੱਸੇ ਦਸਤਾਵੇਜ਼ਾ ਦੇ ਨਾਲ ਆਪਣਾ ਬੈਂਕ ਖਾਤੇ ਦੀ ਪਾਸਬੁੱਕ ਦੀ ਫੋਟੋ ਕਾਪੀ ਨਾਲ ਲਿਆ ਕੇ ਮੌਕੇ ‘ਤੇ ਹੀ ਦਿਵਿਆਗਜਨ ਪੈਨਸ਼ਨ ਵੀ ਅਪਲਾਈ ਕਰ ਸਕਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ ਨੇ ਦੱਸਿਆ ਕਿ ਇਹ ਸਾਰਾ ਉਦਮ ਜਿਲ੍ਹਾ ਪ੍ਰਸ਼ਾਸਨ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੁਆਰਾ ਦਿਵਿਆਗਜਨਾ ਨੂੰ ਅੜਚਣ ਰਹਿਤ ਮਾਹੌਲ ਪ੍ਰਦਾਨ ਕਰਨ ਲਈ ਅਤੇ ਸਮਾਜ ਵਿੱਚ ਉਹਨਾ ਨੂੰ ਬਾਕੀ ਵਰਗਾ ਨਾਲ ਸਮਾਨਤਾ ਲਿਆਉਣ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹਨਾ ਨੂੰ ਵੀ ਸਮਾਜ ਦੀ ਮੁੱਖ ਧਾਰਾ ਨਾਲ ਹਰ ਸਮੇਂ ਜੁੜਿਆ ਰੱਖਿਆ ਜਾ ਸਕੇ।

ਉਹਨਾ ਜਿਲ੍ਹੇ ਦੇ ਸਮੂਹ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਿਸ਼ਚਿਤ ਮਿਤੀ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕਰਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਇਸ ਮੌਕੇ ਉਨ੍ਹਾਂ ਵੱਲੋ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਅਤੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਲੁਧਿਆਣਾ ਨੂੰ ਇਸ ਕੈਂਪ ਬਾਰੇ ਵੱਧ ਤੋਂ ਵੱਧ ਦਿਵਿਆਂਗਜਨਾ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਵੀ ਕਿਹਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed