ਪੀ ਏ ਯੂ ਦੇ ਮਾਡਲ ਹਾਈ ਸਕੂਲ ਕਾਉਣੀ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ
ਲੁਧਿਆਣਾ 23 ਫਰਵਰੀ, 2024ਪੀ ਏ ਯੂ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਾਉਣੀ ਪਿੰਡ ਵਿੱਚ ਸਥਾਪਿਤ ਪੀ ਏ ਯੂ ਮਾਡਲ ਹਾਈ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਅੱਜ ਕਰਵਾਇਆ ਗਿਆ। ਇਸ ਸਮਾਰੋਹ ਵਿਚ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਮੌਜੂਦ ਰਹੇ। ਉਨ੍ਹਾਂ ਨਾਲ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ ਕਿਰਨ ਬੈਂਸ ਵੀ ਇਸ ਸਮਾਰੋਹ ਦਾ ਹਿੱਸਾ ਬਣੇ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿਚ 1998 ਵਿਚ ਸਥਾਪਿਤ ਇਸ ਸਕੂਲ ਦੀ ਸਿਲਵਰ ਜੁਬਲੀ ਸੰਪੂਰਨ ਹੋਣ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਚਿਆਂ ਵਲੋਂ ਕੀਤੇ ਪ੍ਰਦਰਸ਼ਨ ਨੂੰ ਬਹੁਤ ਉੱਚ ਪੱਧਰੀ ਕਰਾਰ ਦਿੰਦਿਆਂ ਡਾ ਗੋਸਲ ਨੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਇਸ ਸਕੂਲ ਦੇ ਆਰੰਭ ਨੂੰ ਯਾਦ ਕਰਦਿਆਂ ਵਾਈਸ ਚਾਂਸਲਰ ਨੇ ਮੌਜੂਦਾ ਦੌਰ ਵਿਚ ਇਲਾਕਾ ਨਿਵਾਸੀਆਂ ਨੂੰ ਆਪਣੀ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ। ਇਸ ਲਈ ਸਕੂਲ ਵਿੱਚ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਸਕੂਲ ਨੂੰ ਅਗੇਰੇ ਲਿਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਯਤਨ ਵਿਚ ਇਲਾਕਾ ਨਿਵਾਸੀਆਂ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਉਨਾਂ ਪੀ ਏ ਯੂ ਦੀ ਰਵਾਇਤ ਦਾ ਜ਼ਿਕਰ ਕੀਤਾ। ਦੇਸ਼ ਦੀਆਂ 63 ਯੂਨੀਵਰਸਿਟੀਆਂ ਵਿੱਚੋਂ ਸਿਖਰ ਤੇ ਰਹਿਣ ਬਾਰੇ ਦੱਸਦਿਆਂ ਡਾ ਗੋਸਲ ਨੇ ਇਸ ਸਕੂਲ ਨੂੰ ਵੀ ਅੱਵਲ ਬਣਾਉਣ ਦਾ ਪ੍ਰਣ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਪੜ੍ਹੇ ਬੱਚਿਆਂ ਨੂੰ ਪੀ ਏ ਯੂ ਵਿਚ ਦਾਖਲੇ ਲਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਕਮਿਊਨਿਟੀ ਸਾਇੰਸ ਕਾਲਜ ਦੇ ਵੱਖ ਵੱਖ ਕੋਰਸਾਂ ਵਿਚ ਦਾਖਲੇ ਅਤੇ ਡਾ ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵਿਚੋਂ ਇਸ ਸਕੂਲ ਦੇ ਦਸਵੀਂ ਵਿਚੋਂ ਅੱਵਲ ਰਹਿਣ ਵਾਲੇ ਬੱਚੇ ਲਈ 10 ਹਜ਼ਾਰ ਦੇ ਇਨਾਮ ਦੀ ਘੋਸ਼ਣਾ ਕੀਤੀ। ਨਾਲ ਹੀ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਦਾਖਲੇ ਲਈ ਇਸ ਸਕੂਲ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਦਾਖਲ ਕਰਨ ਦਾ ਭਰੋਸਾ ਦਿਵਾਇਆ। ਇਸੇ ਪ੍ਰਸੰਗ ਵਿਚ ਉਨਾਂ ਫੈਸ਼ਨ ਡਿਜ਼ਾਇਨਿੰਗ ਅਤੇ ਖੇਤੀ ਪ੍ਰਬੰਧ ਵਿਚ ਐੱਮ ਬੀ ਏ ਦੀ ਵੀ ਗੱਲ ਕੀਤੀ। ਇਸ ਸਕੂਲ ਦੇ ਬੱਚਿਆਂ ਦੀ ਸਹਾਇਤਾ ਲਈ ਡਾ ਗੋਸਲ ਨੇ ਯੂਨੀਵਰਸਿਟੀਆਂ ਦੇ ਪੁਰਾਣੇ ਵਿਦਿਆਰਥੀਆਂ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਸਕੂਲ ਦੇ ਬੱਚਿਆਂ ਨੂੰ ਪੀ ਏ ਯੂ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਨਾਂ ਨੂੰ ਆਪਣੀ ਸੰਸਥਾ ਉੱਪਰ ਮਾਣ ਹੋਵੇ। ਆਉਂਦੇ ਦਿਨਾਂ ਵਿਚ ਪੀ ਏ ਯੂ ਵਿਚ ਕਰਵਾਏ ਜਾਣ ਵਾਲੇ ਰਾਸ਼ਟਰੀ ਯੁਵਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਇਸ ਸਕੂਲ ਦੇ ਬੱਚਿਆਂ ਨੂੰ ਉਸ ਸਮਾਗਮ ਦੇ ਪ੍ਰਦਰਸ਼ਨਾਂ ਨੂੰ ਦੇਖਣ ਲਈ ਕੋਸ਼ਿਸ਼ਾਂ ਕਰਨ ਦਾ ਭਰੋਸਾ ਵੀ ਦਿੱਤਾ। ਆਉਂਦੇ ਦਿਨੀਂ ਦਾਖਲਾ ਵਧਾਉਣ ਲਈ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਉਨਾਂ ਨੇ ਸਭ ਨੂੰ ਸਹਿਯੋਗ ਲਈ ਕਿਹਾ।
ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਮਾਣਮੱਤੀ ਘੜੀ ਹੈ ਕਿ ਇਸ ਸਕੂਲ ਨੇ ਆਪਣੀ ਸਥਾਪਨਾ ਦੇ ਪੱਚੀ ਸਾਲ ਮੁਕੰਮਲ ਕੀਤੇ ਹਨ। ਇਸ ਅਰਸੇ ਦੌਰਾਨ ਸਕੂਲ ਵਲੋਂ ਇਲਾਕੇ ਲਈ ਨਿਭਾਈ ਸੇਵਾ ਬੜੀ ਕੀਮਤੀ ਹੈ। ਬੱਚਿਆਂ ਦੀ ਪ੍ਰਤਿਭਾ ਉੱਪਰ ਤਸੱਲੀ ਪ੍ਰਗਟ ਕਰਦਿਆਂ ਰਜਿਸਟਰਾਰ ਨੇ ਇਨ੍ਹਾਂ ਬੱਚਿਆਂ ਨੂੰ ਅੱਗੇ ਲਿਜਾਣ ਲਈ ਯੂਨੀਵਰਸਿਟੀ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ।
ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ ਕਿਰਨ ਬੈਂਸ ਨੇ ਵੀ ਇਸ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇਸ ਸਕੂਲ ਨੂੰ 25 ਸਾਲ ਪੂਰੇ ਕਰਨ ਤੇ ਮੁਬਾਰਕਬਾਦ ਤਾਂ ਬਣਦੀ ਹੈ ਨਾਲ ਹੀ ਇਸ ਇਲਾਕੇ ਵਿਚ ਦਿੱਤੀਆਂ ਵਿਦਿਅਕ ਸੇਵਾਵਾਂ ਲਈ ਇਸਦੇ ਅਧਿਆਪਕਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪੀ ਏ ਯੂ ਭਾਰਤ ਦੀ ਅੱਵਲ ਖੇਤੀ ਯੂਨੀਵਰਸਿਟੀ ਹੈ ਤੇ ਇਸਦੇ ਸਕੂਲੀ ਅਦਾਰੇ ਨਾਲ ਜੁੜ ਕੇ ਇਨ੍ਹਾਂ ਵਿਦਿਆਰਥੀਆਂ ਵਿਚ ਮਾਣ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ। ਪੀ ਏ ਯੂ ਦਾ ਇੱਕੋ ਇੱਕ ਸਕੂਲ ਹੋਣ ਦੇ ਨਾਲ ਨਾਲ ਏਥੋਂ ਦੇ ਤਜਰਬੇਕਾਰ ਅਧਿਆਪਕਾਂ ਦੀ ਅਗਵਾਈ ਵਿੱਚ ਇਹ ਵਿਦਿਆਰਥੀ ਬਿਨਾਂ ਸ਼ੱਕ ਆਪਣੀ ਜ਼ਿੰਦਗੀ ਨੂੰ ਸਫਲਤਾ ਦੀ ਰਾਹ ਤੇ ਤੋਰ ਸਕਣਗੇ। ਉਨ੍ਹਾਂ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੌਜੂਦਾ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਖੇਡਾਂ ਦੇ ਖੇਤਰ ਵਿਚ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵੀ ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਡਾ ਕਿਰਨ ਬੈਂਸ ਨੇ ਕਿਹਾ ਕਿ ਇਹ ਸਕੂਲ ਬਿਨਾਂ ਕਿਸੇ ਮੁਨਾਫ਼ੇ ਦੀ ਲਾਲਸਾ ਤੋਂ ਸੇਵਾ ਭਾਵਨਾ ਨਾਲ ਚਲ ਰਿਹਾ ਹੈ ਜਿਸ ਲਈ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਲੋੜ ਹੈ।ਉਨ੍ਹਾਂ ਸਕੂਲ ਦੇ ਬਿਹਤਰ ਭਵਿੱਖ ਲਈ ਕਾਮਨਾ ਕੀਤੀ।