ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਰਵਾਇਤੀ ਫ਼ਸਲੀ ਚੱਕਰ ਨੂੰ ਘਟਾ ਕੇ ਬਹੁਫ਼ਸਲੀ ਪ੍ਰਣਾਲੀ ਵਿਕਸਤ ਕਰੋ- ਡਾ. ਖੁਸ਼

0
H07F
ਫ਼ਰੀਦਕੋਟ 18-03-2024: ਅਮਰੀਕ ਸਿੰਘ ਪ੍ਰਿੰਸ
ਪੀ. ਏ.ਯੂ. ਦੇ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਸਾਉਣੀ ਦੀਆਂ ਫ਼ਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ‘ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫ਼ਾ ਚੰਗਾ’ ਦੇ ਉਦੇਸ਼ ਨਾਲ ਲਗਾਏ ਇਸ ਕਿਸਾਨ ਮੇਲੇ ਵਿੱਚ ਚੌਲਾਂ ਦੇ ਵਿਸ਼ਵ ਪ੍ਰਸਿੱਧ ਵਿਗਿਆਨੀ ਪਦਮਸ਼੍ਰੀ ਡਾ. ਗੁਰਦੇਵ ਸਿੰਘ ਖੁਸ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਪੀ.ਏ.ਯੂ.ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰ: ਅਮਨਪ੍ਰੀਤ ਸਿੰਘ ਬਰਾੜ ਵੀ ਸ਼ਾਮਿਲ ਹੋਏ।
ਇਸ ਮੌਕੇ ਡਾ. ਗੁਰਦੇਵ ਸਿੰਘ ਖੁਸ਼ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਾਲੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਪੀ.ਏ.ਯੂ. ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਣਕ-ਝੋਨੇ ਦੇ ਅੰਬਾਰ ਲਗਾ ਕੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਇਹਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਪੰਜਾਬ ਦੇ ਕੁਦਰਤੀ ਸੋਮਿਆਂ ਦੇ ਹੋ ਰਹੇ ਘਾਣ ਤੇ ਚਿੰਤਾ ਪ੍ਰਗਟ ਕਰਦਿਆਂ ਉਨਾਂ ਰਵਾਇਤੀ ਫ਼ਸਲੀ ਚੱਕਰ ਨੂੰ ਘਟਾ ਕੇ ਬਹੁਫ਼ਸਲੀ ਪ੍ਰਣਾਲੀ ਵਿਕਸਤ ਕਰਨ ਲਈ ਕਿਹਾ। ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਤੇ ਜ਼ੋਰ ਦਿੰਦਿਆਂ ਉਨਾਂ ਨੇ ਖਾਦਾਂ ਅਤੇ ਰਸਾਇਣਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਸਰੋਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਦਿਆਂ ਡਾ. ਖੁਸ਼ ਨੇ ਖੇਤੀ ਲਾਗਤਾਂ ਨੂੰ ਘਟਾਉਣ, ਪਰਾਲੀ ਦੀ ਢੁਕਵੀਂ ਸਾਂਭ ਸੰਭਾਲ ਕਰਨ ਅਤੇ ਸਪੀਡ ਬਰੀਡਿੰਗ ਕਰਨ ਦੀ ਸਿਫਾਰਸ਼  ਕੀਤੀ . ਮੁੱਲ ਵਾਧੇ ਰਾਹੀ੍ਵ ਖੇਤੀ ਮੁਨਾਫ਼ਾ ਵਧਾਉਣ ਦੇ ਨਾਲ- ਨਾਲ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਦੀ ਸਿਫਾਰਸ਼ ਕਰਦਿਆਂ ਉਨਾਂ ਨੇ ਮਸ਼ੀਨੀ ਬੌਧਿਕਤਾ ਵਰਗੀਆਂ ਨਵੀਆਂ ਤਕਨੀਕਾਂ ਅਪਨਾਉਣ ਲਈ ਕਿਹਾ . ਡਾ. ਖੁਸ਼ ਨੇ ਪੀ. ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੱਧ ਚੜ੍ਹ ਕੇ ਕਿਸਾਨ ਮੇਲਿਆਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਦੀਆਂ ਖੇਤੀ ਸੰਬੰਧਤ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਅਤੇ ਪੀ. ਏ.ਯੂ. ਦੀ ਸੂਚਨਾਂ ਤਕਨਾਲੋਜੀ ਨਾਲ ਜੁੜ ਕੇ ਉਹ ਵਿਗਿਆਨਕ ਲੀਹਾਂ ਤੇ ਖੇਤੀ ਕਰ ਸਕਣ।
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ. ਏ.ਯੂ.ਨੇ ਕਿਸਾਨਾਂ ਦੇ ਭਾਰੀ ਇਕੱਠ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੀਆਂ ਜਾਂਦੀਆਂ ਖੋਜਾਂ ਪ੍ਰਤੀ ਕਿਸਾਨਾਂ ਦਾ ਅਥਾਹ ਵਿਸ਼ਵਾਸ਼ ਸਾਡੇ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਹੌਸਲਾ ਅਫ਼ਜ਼ਾਈ ਕਰਦਾ ਹੈ। ਕਿਸਾਨ ਮੇਲਿਆਂ ਨੂੰ ਇੱਕ ਦੂਜੇ ਕੋਲੋਂ ਸਿੱਖਣ ਸਿਖਾਉਣ ਦਾ ਵਧੀਆ ਮੌਕਾ ਦੱਸਦਿਆਂ ਉਹਨਾਂ ਨੇ ਰਵਾਇਤੀ ਖੇਤੀ ਦੇ ਨਾਲ ਨਾਲ ਕਿਸਾਨ ਮੇਲੇ ਦੇ ਉਦੇਸ਼ ਮੁਤਾਬਿਕ ਵੱਧ ਤੋਂ ਵੱਧ ਸਹਾਇਕ ਧੰਦਿਆਂ ਨ੍ਵੂੰ ਅਪਨਾਉਣ ਲਈ ਕਿਹਾ ਤਾਂ ਜੋ ਕਿਸਾਨਾਂ ਦੀ ਖੇਤੀ ਆਮਦਨ ਵਿੱਚ ਵਾਧਾ ਹੋ ਸਕੇ। ਪੰਜਾਬ ਸਰਕਾਰ ਦੇ ਯਤਨਾਂ ਸਦਕਾ  ਰਾਜਾ ਹਰਿੰਦਰ ਸਿੰਘ ਸੀਡ ਫਾਰਮ, ਬੀੜ ਸਿੱਖਾਂਵਾਲਾ ਫਰੀਦਕੋਟ ਦੇ ਮੁੜ ਬਹਾਲ ਹੋਣ ਤੇ ਖੁਸ਼ੀ ਪ੍ਰਗਟ ਕਰਦਿਆਂ ਡਾ. ਗੋਸਲ ਨੇ ਕਿਹਾ ਕਿ 1220 ਏਕੜ ਦੇ ਇਸ ਸੀਡ ਫਾਰਮ ਵਿੱਚ ਵੱਧ ਤੋਂ ਵੱਧ ਬੀਜ ਪੈਦਾ ਹੋਣ ਕਰਕੇ ਹੁਣ ਸਾਡੇ ਕੋਲ ਬੀਜ ਦੀ ਕਿੱਲਤ ਨਹੀਂ ਰਹੇਗੀ । ਝੋਨੇ ਦੀਆਂ ਪੀ.ਆਰ.126 ਅਤੇ  ਪੀ.ਆਰ.131 ਕਿਸਮਾਂ ਦੀ ਸਿਫਾਰਸ਼ ਕਰਦਿਆਂ ਡਾ. ਗੋਸਲ ਨੇ ਪਰਾਲੀ ਵਿੱਚ 33 ਪ੍ਰਤੀਸ਼ਤ ਪੌਸ਼ਟਿਕ ਤੱਤ ਹੋਣ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਰੱਖਣ ਦੀ ਤਾਕੀਦ ਕੀਤੀ। ਘਰੇਲੂ ਲੋੜਾਂ ਵਾਸਤੇ ਸਬਜੀਆਂ ਅਤੇ ਫਲਾਂ ਲਈ ਪੌਸ਼ਟਿਕ ਬਗੀਚੀ ਲਾਉਣ ਦਾ ਸੁਝਾਅ ਦਿੰਦਿਆਂ ਡਾ. ਗੋਸਲ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਸਬਜੀਆਂ, ਚਾਰੇ, ਤੇਲ ਬੀਜ਼ ਅਤੇ ਦਾਲਾਂ ਦੇ ਬੀਜਾਂ ਦੀਆਂ ਕਿੱਟਾਂ ਖਰੀਦਣ ਦੀ ਸਿਫਾਰਸ਼ ਕੀਤੀ। ਕਣਕ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਬਚਾਉਣ ਲਈ ਅਤੇ ਜਲ ਸੋਮਿਆਂ ਦੀ ਬੱਚਤ ਕਰਨ ਲਈ ਉਨਾਂ ਨੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਲਈ ਕਿਹਾ . ਡਾ. ਗੋਸਲ ਨੇ ਪੀ. ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਨਰਮ੍ਹੇ ਦੀਆਂ 71 ਹਾਈਬ੍ਰਿਡ ਕਿਸਮਾਂ ਵਿੱਚੋਂ ਚੋਣ ਕਰਨ ਦੀ ਸਿਫਾਰਸ਼ ਕਰਦਿਆਂ ਕਿਰਤ ਅਤੇ ਕਿਰਸ ਦੇ ਨਾਲ- ਨਾਲ ਪੀ. ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਇੰਨਕੂਬੇਸ਼ਨ ਸੈ੍ਵਟਰ ਨਾਲ ਜੁੜ ਕੇ ਜਿਣਸਾਂ ਦਾ ਮੁੱਲ ਵਾਧਾ ਕਰਕੇ ਖੇਤੀ ਨੂੰ ਖੇਤੀ ਵਪਾਰ ਵਿੱਚ ਬਦਲਣ ਲਈ ਕਿਹਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਖੇਤੀ ਧੰਦੇ ਨਾਲ ਜੁੜੀਆਂ ਰਹਿ ਸਕਣ। ਯੂਨੀਵਰਸਿਟੀ ਦੇ ਹਫਤਾਵਰ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼, ਪੀ. ਏ.ਯੂ. ਦੇ ਯੂ ਟਿਊਬ ਚੈਨਲ, ਇੰਸ਼ਟਾਗ੍ਰਾਮ ਅਤੇ ਪੀ. ਏ.ਯੂ. ਫੇਸ ਬੁੱਕ ਬਾਰੇ ਜਾਣਕਾਰੀ ਦਿੰਦਿਆਂ ਡਾ. ਗੋਸਲ ਨੇ ਕਿਸਾਨਾਂ ਨੂੰ ਪੀ. ਏ.ਯੂ. ਦੇ ਵਟਸਐਪ ਗਰੁੱਪਾਂ ਅਤੇ ਵੈਬਸਾਈਟ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਸ੍ਰ: ਅਮਨਪ੍ਰੀਤ ਸਿੰਘ ਬਰਾੜ, ਮੈਂਬਰ ਪ੍ਰਬੰਧਕੀ ਬੋਰਡ, ਪੀ. ਏ.ਯੂ. ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਵਿਦੇਸਾਂ ਵਿੱਚ ਭੇਜਣ ਦੀ ਬਜਾਇ ਪੀ. ਏ.ਯੂ. ਤੋਂ  ਖੇਤੀ ਸਿੱਖਿਆ ਪ੍ਰਦਾਨ ਕਰਵਾ ਕੇ ਇੱਥੇ ਹੀ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੀਏ। ਖੇਤੀ ਉਤਪਾਦਾਂ ਦੀ ਸਟੋਰੇਜ਼ ਅਤੇ ਪ੍ਰੋਸੈਸਿੰਗ ਦੀ ਘਾਟ ਨੂੰ ਪੂਰਨ ਲਈ ਯੂਨੀਵਰਸਿਟੀ ਨਾਲ ਜੁੜ ਕੇ ਨਵੀਆਂ ਤਕਨੀਕਾਂ ਅਪਨਾਉਣ ਤੇ ਜੋ਼ਰ ਦਿੰਦਿਆਂ ਉਨਾਂ ਨੇ ਖੇਤੀ ਵਣਜ ਨੂੰ ਹੁਲਾਰਾ ਦੇਣ ਲਈ ਸਰਹੱਦੀ ਦੇਸ਼ਾਂ ਦੇ ਬਾਰਡਰ ਖੋਲ੍ਹਣ ਦੀ ਅਪੀਲ ਕੀਤੀ ਤਾਂ ਜੋ ਖੇਤੀ ਜਿਣਸਾਂ ਦਾ ਵਾਜ਼ਬ ਮੁੱਲਾਂ ਤੇ ਅਦਾਨ ਪ੍ਰਦਾਨ ਹੋ ਸਕੇ।
ਇਸ ਮੌਕੇ ਡਾ. ਗੁਰਜੀਤ ਸਿੰਘ ਮਾਂਗਟ, ਅਪਰ ਨਿਰਦੇਸ਼ਕ ਖੋਜ ਪੀ. ਏ.ਯੂ. ਨੇ ਯੂਨੀਵਰਸਿਟੀ ਵੱਲੋਂ ਮੌਜੂਦਾ ਸਮੇਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ 7 ਕਿਸਮਾਂ, 10 ਫ਼ਸਲ ਉਤਪਾਦਨ ਤਕਨੀਕਾਂ, 9 ਪੌਦ ਸੁਰੱਖਿਆ ਅਤੇ 4 ਪ੍ਰੋਸੈਸਿੰਗ ਤਕਨੀਕਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਹੁਣ ਤੱਕ ਵੱਖੋਂ – ਵੱਖ ਫ਼ਸਲਾਂ ਦੀਆਂ 950 ਤੋਂ ਵੱਧ ਕਿਸਮਾਂ ਵਿਕਸਤ ਅਤੇ ਹਜ਼ਾਰਾਂ ਤਕਨੀਕਾਂ ਸਿਫਾਰਸ਼ ਕੀਤੀਆਂ ਜਾ ਚੁੱਕੀਆਂ ਹਨ।  ਡਾ. ਮਾਂਗਟ ਨੇ ਖੇਤੀ ਮਾਹਿਰਾਂ ਵੱਲੋਂ ਵਿਕਸਤ ਕੀਤੀ ਗਈ ਬਾਸਮਤੀ ਦੀ ਨਵੀਂ ਕਿਸਮ ਪੂਸਾ ਬਾਸਮਤੀ-1847, ਚਾਰਾ ਮੱਕੀ ਜੇ-1008, ਮੋਟੇ ਅਨਾਜ਼ਾਂ ਦੀ ਕਿਸਮ ਪੀ.ਸੀ.ਬੀ. 167 ਅਤੇ ਪੰਜਾਬ ਚੀਨਾ-1 ਤੋਂ ਇਲਾਵਾ ਬੈਂਗਣਾਂ ਦੀ ਹਾਈਬ੍ਰਿਡ, ਤਰਬੂਜ਼ ਦੀ ਨਵੀਂ ਕਿਸਮ ਪੰਜਾਬ ਮਿਠਾਸ-1, ਖਰਬੂਜੇ ਵਿੱਚ ਬੌਬੀ ਵੰਨਗੀ ਪੰਜਾਬ ਅੰਮ੍ਰਿਤ ਤੋਂ ਇਲਾਵਾ ਜਾਮਣਾਂ ਦੀਆਂ ਨਵੀਆਂ ਕਿਸਮਾਂ ਕੋਕਣ ਅਤੇ ਗੋਮਾ ਦਾ ਜ਼ਿਕਰ ਵੀ ਕੀਤਾ। ਡਾ. ਮਾਂਗਟ ਨੇ ਜ਼ਮੀਨਾਂ ਪੱਧਰ ਕਰਕੇ ਮਲਚਿੰਗ ਵਿਧੀ ਰਾਹੀਂ ਕਣਕ ਬੀਜਣ ਦੀ ਸਿਫਾਰਸ਼ ਕੀਤੀ ਅਤੇ ਇਸ ਦੇ ਨਾਲ ਹੀ ਉਨਾਂ ਨੇ ਫੁੱਲਾਂ ਤੋਂ ਗੁਲਾਲ ਬਣਾਉਣ, ਸੋਇਆਬੀਨ ਤੋਂ ਸੁੱਕਾ ਦੁੱਧ ਅਤੇ ਮੋਟੇ ਅਨਾਜਾਂ ਤੋਂ ਵੱਖ-ਵੱਖ ਕਿਸਮ ਦੇ ਪਦਾਰਥ ਤਿਆਰ ਕਰਨ ਦੀਆਂ ਪ੍ਰੋਸੈਸਿੰਗ ਤਕਨੀਕਾਂ ਦੇ ਨਾਲ ਨਾਲ ਡਰੋਨ ਚਲਾਉਣ ਦੀ ਤਕਨੀਕ ਵੀ ਸਾਂਝੀ ਕੀਤੀ।
ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਪੀ. ਏ.ਯੂ. ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਵਿਗਿਆਨੀਆਂ ਅਤੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਪੀ. ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਪੜ੍ਹ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਕਿਹਾ। ਪੀ. ਏ.ਯੂ. ਦੇ ਮਹੀਨਾਵਾਰ ਖੇਤੀ ਰਸਾਲੇ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਵੱਧ ਤੋਂ ਵੱਧ ਮੈਂਬਰ ਬਣਨ ਦੀ ਤਾਕੀਦ ਕਰਦਿਆਂ ਡਾ. ਭੁੱਲਰ ਨੇ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਦੇ ਸੁਯੋਗ ਹੱਲ ਲਈ ਖੇਤੀ ਮਾਹਿਰਾਂ ਨਾਲ ਜੁੜਨ ਲਈ ਕਿਹਾ। ਰਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਉਨਾਂ ਨੇ ਪੰਜਾਬ ਭਰ ਵਿੱਚ ਪੀ. ਏ.ਯੂ. ਦੇ 18 ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਿਖਲਾਈਆਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੋਕੇ ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਵੱਲੋਂ  ਨਰਮ੍ਹੇ ਦੀ ਖੇਤੀ ਖੋਜ ਉਪਰ ਸੰਪਾਦਿਤ ਕੀਤੀਆਂ ਦੋ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ। ਇਸ ਮੌਕੇ ਡਾ. ਗੁਰਦੇਵ ਸਿੰਘ ਖੁਸ਼, ਡਾ. ਸਤਿਬੀਰ ਸਿੰਘ ਗੋਸਲ ਅਤੇ ਸ੍ਰ: ਅਮਨਪ੍ਰੀਤ ਸਿੰਘ ਬਰਾੜ ਦਾ ਵਿਸੇ਼ਸ ਮਾਣ ਸਨਮਾਨ ਵੀ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।