ਕੌਮੀ ਸੱਭਿਆਚਾਰਕ ਭਿੰਨਤਾ ਵਿਚ ਏਕਤਾ ਦੇ ਰੰਗ ਬਿਖੇਰਦਾ ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲਾ ਪੀ ਏ ਯੂ ਵਿਚ ਆਰੰਭ ਹੋਇਆ

0
H07F
120 ਯੂਨੀਵਰਸਿਟੀਆਂ ਦੀਆਂ ਟੀਮਾਂ ਦਾ ਸੱਭਿਆਚਾਰਕ ਜਲੂਸ ਬਣਿਆ ਆਕਰਸ਼ਣ ਦਾ ਕੇਂਦਰ

ਲੁਧਿਆਣਾ 28 ਮਾਰਚ

ਅੱਜ ਪੀ ਏ ਯੂ ਦੇ ਓਪਨ ਏਅਰ ਥੀਏਟਰ ਵਿਚ ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲਾ ਧੂਮ ਧਾਮ ਨਾਲ ਆਰੰਭ ਹੋਇਆ। ਇਸ ਮੇਲੇ ਵਿਚ ਦੇਸ਼ ਦੇ ਵੱਖ ਵੱਖ ਖਿੱਤਿਆਂ ਤੋਂ 120 ਯੂਨੀਵਰਸਿਟੀਆਂ ਦੇ ਹਜ਼ਾਰਾਂ ਕਲਾਕਾਰ ਵਿਦਿਆਰਥੀ ਆਪਣੀਆਂ ਕਲਾਤਮਕ ਵੰਨਗੀਆਂ ਦੀ ਪੇਸ਼ਕਾਰੀ ਲਈ ਹਾਜ਼ਰ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਖਿੱਤਿਆਂ ਦੇ ਸੱਭਿਆਚਰ ਅਤੇ ਲੋਕ ਕਲਾਵਾਂ ਦੇ ਪ੍ਰਗਟਾਵੇ ਲਈ ਥਾਪਰ ਹਾਲ ਤੋਂ ਲੈ ਕੇ ਓਪਨ ਏਅਰ ਥੀਏਟਰ ਤਕ ਇਕ ਜਲੂਸ ਦੀ ਸ਼ਕਲ ਵਿਚ ਪੇਸ਼ਕਾਰੀਆਂ ਦਿੱਤੀਆਂ। ਆਰੰਭਕ ਸੈਸ਼ਨ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਭਾਰਤੀ ਯੂਨੀਵਰਸਿਟੀ ਸੰਘ ਦੇ ਜਨਰਲ ਸਕੱਤਰ ਸ਼੍ਰੀਮਤੀ ਪੰਕਜ ਮਿੱਤਲ, ਸੰਘ ਦੇ ਸੱਭਿਆਚਾਰਕ ਮਾਮਲਿਆਂ ਦੇ ਜੁਆਇੰਟ ਸਕੱਤਰ ਸ਼੍ਰੀ ਬਲਜੀਤ ਸਿੰਘ ਸੇਖੋਂ ਅਤੇ ਪ੍ਰਸਿੱਧ ਪੰਜਾਬੀ ਗਾਇਕ ਸ਼੍ਰੀ ਜਸਬੀਰ ਜੱਸੀ ਮੌਜੂਦ ਸਨ।
ਸ਼੍ਰੀਮਤੀ ਪੰਕਜ ਮਿੱਤਲ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਇਸ ਵਾਰ ਦਾ ਇਹ ਵਿਸ਼ੇਸ਼ ਆਯੋਜਨ ਦੇਸ਼ ਦੀ ਸਿਖਰਲੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋ ਰਿਹਾ ਹੈ। ਉਨ੍ਹਾਂ ਨੇ ਹੈ ਕਿ ਇਹ ਆਯੋਜਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਕਲਾਤਮਕ ਸੂਤਰ ਰਿਹਾ ਹੈ ਤੇ ਨੌਜਵਾਨ ਕਲਾਕਾਰਾਂ ਨੂੰ ਆਪਣੇ ਪ੍ਰਗਟਾਵੇ ਲਈ ਇਸ ਇਤਿਹਾਸਕ ਸੰਸਥਾ ਦਾ ਮੰਚ ਮਿਲਣਾ ਬੜੀ ਫ਼ਖ਼ਰ ਵਾਲੀ ਗੱਲ ਹੈ। ਸ਼੍ਰੀਮਤੀ ਪੰਕਜ ਮਿੱਤਲ ਨੇ ਕਿਹਾ ਕਿ ਕਲਾ ਮਾਨਸਿਕ ਤ੍ਰਿਪਤੀ ਦਾ ਸਾਧਨ ਹੈ ਤੇ ਅਨਾਜ ਸਰੀਰਕ ਤ੍ਰਿਪਤੀ ਦਾ, ਪੀ ਏ ਯੂ ਨੇ ਦੇਸ਼ ਦੀ ਅਨਾਜ ਦੀ ਭੁੱਖ ਪੂਰਨ ਲਈ ਇਤਿਹਾਸਕ ਯੋਗਦਾਨ ਪਾਇਆ ਹੈ। ਇਸਦੇ ਨਾਲ ਹੀ ਇਸ ਸੰਸਥਾ ਵਲੋਂ ਸੱਭਿਆਚਾਰਕ ਤੇ ਕਲਾਤਮਕ ਖੇਤਰ ਵਿਚ ਪਾਏ ਭਰਪੂਰ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲਾ ਆਪਣੇ 37 ਵੇਂ ਸੰਸਕਰਨ ਵਿਚ ਪ੍ਰਵੇਸ਼ ਕਰ ਗਿਆ ਹੈ ਤੇ ਇਸ ਦੌਰਾਨ ਇਸਨੇ ਦੇਸ਼ ਦੀ ਏਕਤਾ ਅਤੇ ਸੱਭਿਆਚਾਰਕ ਸਾਂਝ ਨੂੰ ਵਧਾਉਣ ਵਿਚ ਉੱਘਾ ਯੋਗਦਾਨ ਪਾਇਆ ਹੈ। ਅੱਜ ਜੇਕਰ ਕਿਸੇ ਇਕ ਆਯੋਜਨ ਰਾਹੀਂ ਭਾਰਤ ਦੀ ਕਲਾਤਮਕ ਭਿੰਨਤਾ ਚੋਂ ਏਕਤਾ ਦੀ ਤਲਾਸ਼ ਕਰਨੀ ਹੋਵੇ ਤਾਂ ਇਸ ਆਯੋਜਨ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਦੇਸ਼ ਭਗਤੀ ਦੀ ਪਰੰਪਰਾ ਤੋਂ ਬਾਹਰਲੇ ਪ੍ਰਾਂਤਾਂ ਦੇ ਨੌਜਵਾਨ ਲੋਕ ਬਹੁਤ ਕੁਝ ਸਿੱਖ ਕੇ ਜਾਣਗੇ।

ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਆਏ ਯੁਵਾ ਕਲਾ ਕਰਮੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਪ੍ਰਾਹੁਣਿਆਂ ਨੂੰ ਸਦਾ ਪਲਕਾਂ ਤੇ ਬਿਠਾਇਆ ਹੈ ਅਤੇ ਪੀ ਏ ਯੂ ਵੀ ਆਪਣੀ ਇਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਤਿਆਰ ਬਰ ਤਿਆਰ ਹੈ। ਡਾ ਗੋਸਲ ਨੇ ਇਸ ਰਾਸ਼ਟਰੀ ਪੱਧਰ ਦੇ ਉਤਸਵ ਦੇ ਪਹਿਲੀ ਵਾਰ ਪੀ ਏ ਯੂ ਵਿਚ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਖਿੱਤੇ ਦੀ ਕਿਸਾਨੀ ਨੂੰ ਨਵੀਆਂ ਲੀਹਾਂ ਤੇ ਤੋਰਨ ਦੇ ਨਾਲ ਨਾਲ ਇਸ ਸੰਸਥਾ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦ ਵਿਕਾਸ ਲਈ ਅਣਥੱਕ ਯਤਨ ਕੀਤੇ ਹਨ। ਪੰਜਾਬ ਦੇ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਅਣਗਿਣਤ ਨਾਂ ਇਸ ਸੰਸਥਾ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਰਹੇ। ਨਾ ਸਿਰਫ ਪੰਜਾਬ ਦੀ ਕਿਸਾਨੀ ਹੀ ਪੀ ਏ ਯੂ ਨਾਲ ਜੁੜ ਕੇ ਵਿਕਸਿਤ ਹੋਈ ਬਲਕਿ ਪੰਜਾਬ ਦਾ ਅਮੀਰ ਸੱਭਿਆਚਾਰਕ ਵਿਰਸਾ ਵੀ ਇਸ ਸੰਸਥਾ ਦੇ ਵਿਹੜੇ ਮਹਿਫੂਜ਼ ਰਿਹਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਥਾਪਿਤ ਪੰਜਾਬ ਦੇ ਸਮਾਜਕ ਇਤਿਹਾਸ ਦੇ ਅਜਾਇਬ ਘਰ ਦਾ ਜ਼ਿਕਰ ਵੀ ਵਿਸ਼ੇਸ਼ ਤੌਰ ਤੇ ਕੀਤਾ। ਡਾ ਗੋਸਲ ਨੇ ਕਿਹਾ ਕਿ ਇਸ ਵਾਰ ਦੇ ਯੁਵਕ ਮੇਲੇ ਦਾ ਸਿਰਲੇਖ ਹੁਨਰ 2024 ਰੱਖਿਆ ਗਿਆ ਹੈ ਤੇ ਇਸਦਾ ਮੰਤਵ ਰਾਸ਼ਟਰੀ ਪੱਧਰ ਤੇ ਕਲਾਤਮਕ ਰੁਚੀਆਂ ਵਾਲੇ ਕਲਾਕਾਰਾਂ ਨੂੰ ਸਾਂਝਾ ਮੰਚ ਮੁਹਈਆ ਕਰਵਾਉਣਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਵਿਦਿਆਰਥੀਆਂ ਦੀ ਪੀ ਏ ਯੂ ਨਾਲ ਪੰਜ ਦਿਨ ਦੀ ਸਾਂਝ ਯਾਦਾਂ ਵਿਚ ਸਥਾਈ ਅਤੇ ਸਦੀਵੀ ਹੋਵੇਗੀ।

ਸ਼੍ਰੀ ਬਲਜੀਤ ਸਿੰਘ ਸੇਖੋਂ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਯੁਵਕ ਮੇਲੇ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਮੇਲਾ ਦੇਸ਼ ਭਰ ਦੇ ਨੌਜਵਾਨਾਂ ਨੂੰ ਆਪਸ ਵਿੱਚ ਮਿਲਣ ਅਤੇ ਸੱਭਿਆਚਾਰਕ ਵਟਾਂਦਰੇ ਦਾ ਮੌਕਾ ਦਿੰਦਾ ਹੈ। ਇਸ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਕਲਾ ਦੇ ਦੂਤਾਂ ਵਾਂਗ ਹੁੰਦੇ ਹਨ।

ਉਦਘਾਟਨੀ ਸਮਾਰੋਹ ਵਿਚ ਸਵਾਗਤ ਦੇ ਸ਼ਬਦ ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਰਖ਼ੇਜ਼ ਧਰਤੀ ਨੇ ਜਿਥੇ ਗੁਰੂਆਂ, ਪੀਰਾਂ ਅਤੇ ਸੂਰਬੀਰਾਂ ਨੂੰ ਜਨਮ ਦਿੱਤਾ , ਓਥੇ ਸੱਭਿਆਚਾਰਕ ਕਰਮੀਆਂ ਨੇ ਵੀ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ ਹੈ। ਡਾ ਜੌੜਾ ਨੇ ਕਿਹਾ ਕਿ ਇਹ ਯੁਵਕ ਮੇਲਾ ਇਕ ਸੁਪਨੇ ਦੇ ਸਾਕਾਰ ਹੋਣ ਦਾ ਪ੍ਰਮਾਣ ਹੈ। ਇਸ ਨਾਲ ਪੀ ਏ ਯੂ ਦਾ ਵਿਗਿਆਨਕ ਖੇਤੀ ਅਤੇ ਕਲਾਤਮਕ ਸਾਂਝ ਦਾ ਸੁਨੇਹਾ ਦੇਸ਼ ਭਾਰ ਵਿਚ ਫੈਲੇਗਾ।

ਇਸ ਮੌਕੇ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ ਕਿਰਪਾਲ ਸਿੰਘ ਔਲਖ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਇਹ ਮੇਲਾ ਯੁਵਾ ਮਨਾਂ ਦੀਆਂ ਭਾਵਨਾਵਾਂ ਨੂੰ ਨਵੇਂ ਹੁਲਾਸ ਅਤੇ ਸਾਂਝ ਨਾਲ ਭਰ ਦਏਗਾ। ਉਨ੍ਹਾਂ ਇਸਨੂੰ ਇਕ ਦੂਜੇ ਤੋਂ ਸਿੱਖਣ ਦਾ ਮੌਕਾ ਕਹਿੰਦਿਆਂ ਨੌਜਵਾਨਾਂ ਨੁਬਿਸ ਮੌਕੇ ਦਾ ਲਾਹਾ ਲੈਣ ਲਈ ਵੀ ਪ੍ਰੇਰਿਤ ਕੀਤਾ।

ਉਦਘਾਟਨੀ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ ਵਿਸ਼ਾਲ ਬੈਕਟਰ ਅਤੇ ਅੰਗਰੇਜ਼ੀ ਪ੍ਰੋਫੈਸਰ ਡਾ ਆਸ਼ੂ ਤੂਰ ਨੇ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।