ਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ
ਲੁਧਿਆਣਾ, 13 ਮਈ:(ਪੂਜਾ ਭਾਰਤਵਾਜ )
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ (79)ਜਿਨ੍ਹਾਂ ਦਾ 11 ਮਈ ਸਵੇਰੇ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ, ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
ਵੱਡੀ ਗਿਣਤੀ ਵਿੱਚ ਦੇਸ਼ ਬਦੇਸ਼ ਤੋਂ ਜੁੜੇ ਕਦਰਦਾਨਾਂ, ਪਾਠਕਾਂ, ਲੇਖਕਾਂ ਕੇ ਰਿਸ਼ਤੇਦਾਰਾਂ ਵੱਲੋਂ ਨਮ ਅੱਖਾਂ ਨਾਲ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਮਰਹੂਮ ਸ਼ਾਇਰ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।
ਉੱਘੇ ਪੰਜਾਬੀ ਲੇਖਕ ਅਤੇ ਕਵੀ ਸੁਰਜੀਤ ਪਾਤਰ ਦੇ ਪੰਜ ਭੂਤਕ ਸਰੀਰ ਨੂੰ ਲੈ ਕੇ ਅੰਤਿਮ ਯਾਤਰਾ ਉਨ੍ਹਾਂ ਦੇ ਲੁਧਿਆਣਾ ਦੇ ਆਸ਼ਾ ਪੁਰੀ ਸਥਿਤ ਨਿਵਾਸ ਸਥਾਨ ਤੋਂ ਚੱਲੀ ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਾਕ-ਸਨੇਹੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਭਾਈਚਾਰਾ ਅਤੇ ਸਾਹਿਤ ਪ੍ਰੇਮੀ ਸ਼ਾਮਲ ਸਨ।
ਸ਼ਮਸ਼ਾਨ ਘਾਟ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ ਗਈ ਤੇ ਹਵਾਈ ਫਾਇਰ ਕੀਤੇ ਗਏ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਰਜੀਤ ਪਾਤਰ ਦੇ ਪੰਜ ਭੂਤਕ ਸਰੀਰ ਦੇ ਚਰਨਾਂ ਵਿੱਚ ਪੁਸ਼ਪ ਚੱਕਰ ਰੱਖਿਆ ਗਿਆ ਅਤੇ ਦੋਸ਼ਾਲਾ ਭੇਂਟ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ ਡੀ ਸੀ (ਜਨਰਲ) ਮੇਜਰ ਅਮਿਤ ਸਰੀਨ, ਡਾਇਰੈਕਟਰ ਟੂਰਿਜਮ ਤੇ ਸੱਭਿਆਚਾਰਕ ਮਾਮਲੇ ਨੀਰੂ ਕਤਿਆਲ ਆਈ ਏ ਐੱਸ ਨੇ ਵੀ ਫੁੱਲ ਮਾਲਾਵਾਂ ਭੇਂਟ ਕੀਤੀਆਂ।
ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਪਾਤਰ ਤੇ ਸਾਕ-ਸਬੰਧੀ ਵੀ ਹਾਜ਼ਰੀ ਸਨ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਵੱਲੋਂ ਅੰਤਿਮ ਅਰਦਾਸ ਕੀਤੀ ਗਈ।
ਇਸ ਮੌਕੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਮੁਹੰਮਦ ਸਦੀਕ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ, ਤਰੁਣਪ੍ਰੀਤ ਸਿੰਘ ਸੌਂਦ, ਕੁਲਵੰਤ ਸਿੰਘ ਸਿੱਧੂ, ਸਾਬਕਾ ਐਮਪੀ ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਮਹੇਸ਼ਇੰਦਰ ਸਿੰਘ ਗਰੇਵਾਲ, ਕ੍ਰਿਸ਼ਨ ਕੁਮਾਰ ਬਾਵਾ ਤੇ ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾਂ, ਸਤਿਬੀਰ ਸਿੰਘ ਸਿੱਧੂ, ਉੱਘੇ ਸਿੱਖਿਆ ਸਾਸ਼ਤਰੀ ਪਦਮ ਭੂਸ਼ਣ ਸਰਦਾਰਾ ਸਿੰਘ ਜੌਹਲ, ਪੀਏਯੂ ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ, ਸਾਹਿਤ ਜਗਤ ਦੀਆਂ ਨਾਮੀ ਸਖਸ਼ੀਅਤਾਂ ਵਿੱਚੋਂ ਹਰਜਿੰਦਰ ਸਿੰਘ ਥਿੰਦ ਰੇਡੀਓ ਰੈੱਡ ਐੱਫ ਐੱਮ ਸਰੀ ਕੈਨੇਡਾ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਪ੍ਰੋ ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਅਸ਼ਵਨੀ ਚੈਟਲੇ, ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ,ਤ੍ਰੈਲੋਚਨ ਲੋਚੀ, ਕਿਰਪਾਲ ਕਜ਼ਾਕ, ਡਾ ਸੁਖਦੇਵ ਸਿੰਘ ਸਿਰਸਾ, ਡਾ ਸੁਰਜੀਤ ਸਿੰਘ ਪਟਿਆਲਾ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਪ੍ਰੋ. ਜਗਮੋਹਨ ਸਿੰਘ , ਸੁਰਿੰਦਰ ਗੀਤ, ਡਾ. ਦੀਪਕ ਮਨਮੋਹਨ ਸਿੰਘ, ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ,ਸੁਸ਼ੀਲ ਦੋਸਾਂਝ ਜਨਰਲ ਸਕੱਤਰ, ਡਾ ਸਵਰਾਜਬੀਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰ ਕੌਰ ਜੌਹਲ, ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ, ਪੰਜਾਬ ਕਲਾ ਪਰਿਸ਼ਦ ਤੋਂ ਪ੍ਰੋ ਯੋਗਰਾਜ ਅੰਗਰੀਸ਼, ਕੇਵਲ ਧਾਲੀਵਾਲ, ਦੀਵਾਨ ਮਾਨਾ, ਡਾ ਨਿਰਮਲ ਜੌੜਾ, ਦੇਸ਼ ਭਗਤ ਯਾਦਗਾਰ ਹਾਲ ਤੋਂ ਅਮੋਲਕ ਸਿੰਘ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਹਰਪ੍ਰੀਤ ਸੰਧੂ, ਰਵਿੰਦਰ ਰੰਗੂਵਾਲ, ਨਿੰਦਰ ਘੁਗਿਆਣਵੀ, ਡਾ. ਬਲਵਿੰਦਰ ਸਿੰਘ ਲੱਖੇਵਾਲੀ, ਪੰਜਾਬੀ ਸੰਗੀਤ ਜਗਤ ਵਿੱਚੋਂ ਅਮਰ ਨੂਰੀ, ਇਰਸ਼ਾਦ ਕਾਮਿਲ, ਪੰਮੀ ਬਾਈ, ਜੀ ਐੱਸ ਪੀਟਰ, ਗੁਰਪ੍ਰੀਤ ਘੁੱਗੀ, ਜਸਵੰਤ ਸੰਦੀਲਾ, ਡਾ. ਵੀਰ ਸੁਖਵੰਤ, ਦੇਬੀ ਮਕਸੂਸਪੁਰੀ, ਤੇਜਵੰਤ ਕਿੱਟੂ ਆਦਿ ਹਾਜ਼ਰ ਸਨ।