ਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਨੂੰ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ ਬਣਾਉਣ ਲਈ ਨਗਰ ਨਿਗਮ ਦਾ ਸਹਿਯੋਗ ਦੇਣ ਦੀ ਕੀਤੀ ਅਪੀਲ
ਲੁਧਿਆਣਾ, 11 ਨਵੰਬਰ: (ਪ.ਪ)
ਅਜਿਹੇ ਸਮੇਂ ਵਿੱਚ ਜਦੋਂ ਨਗਰ ਨਿਗਮ ਲੁਧਿਆਣਾ ਵੱਲੋਂ ਪੂਰੇ ਸ਼ਹਿਰ ਵਿੱਚ ਵਿਆਪਕ ਸਫਾਈ ਮੁਹਿੰਮ ਚਲਾਈ ਗਈ ਹੈ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਨੂੰ ਪੰਜਾਬ ਵਿੱਚ ਸਭ ਤੋਂ ਸਾਫ਼ ਸੁਥਰਾ ਬਣਾਉਣ ਵਿੱਚ ਨਗਰ ਨਿਗਮ ਦਾ ਸਹਿਯੋਗ ਦੇਣ।
ਸੋਮਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦੇ ਦਫ਼ਤਰ ਵਿਖੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਨੇ ਸ਼ਹਿਰ ਵਿੱਚ 100 ਤੋਂ ਵੱਧ ਜਲ ਸਪਲਾਈ ਪੁਆਇੰਟਾਂ ਦੀ ਸ਼ਨਾਖਤ ਕੀਤੀ ਹੈ, ਜਿੱਥੋਂ ਪਾਣੀ ਦੇ ਦੂਸ਼ਿਤ ਹੋਣ ਦੀਆਂ ਸ਼ਿਕਾਇਤਾਂ ਨਗਰ ਨਿਗਮ ਕੋਲ ਅਕਸਰ ਆਉਂਦੀਆਂ ਰਹਿੰਦੀਆਂ ਹਨ। ਇਹ ਪੁਆਇੰਟ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਬਦਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨਗਰ ਨਿਗਮ ਸ਼ਹਿਰ ਦੇ ਉਨ੍ਹਾਂ ਹਿੱਸਿਆਂ ਵਿੱਚ 11000 ਮੀਟਰ ਤੋਂ ਵੱਧ ਨਵੀਆਂ ਵਾਟਰ ਸਪਲਾਈ ਲਾਈਨਾਂ ਵੀ ਵਿਛਾਏਗਾ ਜਿੱਥੇ ਲਾਈਨਾਂ ਹੁਣ ਤੱਕ ਨਹੀਂ ਹਨ। ਜਿੱਥੇ ਲੋੜ ਹੈ ਉੱਥੇ ਨਵੇਂ ਟਿਊਬਵੈੱਲ ਲਗਾਏ ਜਾ ਰਹੇ ਹਨ ਅਤੇ ਨੁਕਸਦਾਰ ਸੀਵਰੇਜ ਲਾਈਨਾਂ ਨੂੰ ਵੀ ਬਦਲਿਆ ਜਾ ਰਿਹਾ ਹੈ। ਇਹ ਕਦਮ ਸ਼ਹਿਰ ਦੇ ਹਰ ਘਰ ਵਿੱਚ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਹਨ।
ਡੇਚਲਵਾਲ ਨੇ ਅੱਗੇ ਦੱਸਿਆ ਕਿ ਜਲਦੀ ਹੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕੁੱਝ ਹੋਰ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਰਾਹੀਂ ਵਸਨੀਕ ਆਪੋ-ਆਪਣੀਆਂ ਇਮਾਰਤਾਂ ਵਿੱਚੋਂ ਬਾਗਬਾਨੀ ਅਤੇ ਉਸਾਰੀ ਦੇ ਕੂੜੇ ਨੂੰ ਚੁੱਕਵਾ ਸਕਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਲਿਡ ਵੇਸਟ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ।
ਟਾਟਾ ਕੰਪਨੀ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਸਾਰੀਆਂ ਸਟਰੀਟ ਲਾਈਟਾਂ ਚਾਲੂ ਰੱਖਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਉਹ ਸਮੇਂ ਸਿਰ ਸਟਰੀਟ ਲਾਈਟਾਂ ਦੇ ਕੰਮ ਨਾ ਕਰਨ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਉਹਨਾਂ ਤੇ ਜ਼ੁਰਮਾਨਾ ਲਗਾਇਆ ਜਾਵੇਗਾ।
ਡੇਚਲਵਾਲ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੈਰ-ਕਾਨੂੰਨੀ ਉਸਾਰੀਆਂ ਨਾ ਕਰਨ ਅਤੇ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾ ਕੇ ਹੀ ਇਮਾਰਤਾਂ ਦੀ ਉਸਾਰੀ ਕਰਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸ਼ਹਿਰ ਵਿੱਚ ਉਸਾਰੀ ਅਧੀਨ ਇਮਾਰਤਾਂ ਦਾ ਸਰਵੇਖਣ ਕੀਤਾ ਗਿਆ ਸੀ ਅਤੇ 300 ਤੋਂ ਵੱਧ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ। ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਮਾਰਤਾਂ ਦਾ ਮੁਆਇਨਾ ਕਰਨ ਅਤੇ ਜੇਕਰ ਕੋਈ ਇਮਾਰਤ ਗੈਰ ਕਾਨੂੰਨੀ ਪਾਈ ਜਾਂਦੀ ਹੈ ਤਾਂ ਕਾਰਵਾਈ ਕੀਤੀ ਜਾਵੇ। ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੇਚਲਵਾਲ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦਾ ਏ.ਆਈ ਆਧਾਰਿਤ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ‘ਤੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਪ੍ਰੋਜੈਕਟ ਕੀਤੇ ਜਾਣਗੇ।
ਡੇਚਲਵਾਲ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਕੋਲ ਸ਼ਿਕਾਇਤਾਂ ਦਰਜ ਕਰਵਾਉਣ ਲਈ, ਵਸਨੀਕ ਐਮ-ਸੇਵਾ ਸੇਵਾਵਾਂ ਦਾ ਵੀ ਲਾਭ ਲੈ ਸਕਦੇ ਹਨ, ਜਿਸ ਰਾਹੀਂ 87509-75975 ‘ਤੇ ਮਿਸ ਕਾਲ ਦੇ ਕੇ ਵਟਸਐਪ ਚੈਟਬੋਟ ਰਾਹੀਂ ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ।
ਅੰਤ ਵਿੱਚ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਦੇਣ। ਸ਼ਹਿਰ ਵਾਸੀ ਕੂੜੇ ਨੂੰ ਖਾਲੀ ਪਲਾਟਾਂ/ਖੁੱਲੀਆਂ ਥਾਵਾਂ ‘ਤੇ ਨਾ ਸੁੱਟਣ ਅਤੇ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਕਰਕੇ ਕੂੜਾ ਚੁੱਕਣ ਵਾਲਿਆਂ ਨੂੰ ਸੌਂਪਣ।