ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਹੂਲਤ ਲਈ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ

0
1111
H07F
ਲੁਧਿਆਣਾ, 29 ਦਸੰਬਰ(ਕੁਲਵਿੰਦਰ ਸਿੰਘ ਸਲੇਟਾਵਰੀ, ਅਮਰੀਕ ਸਿੰਘ ਪ੍ਰਿੰਸ)
ਪਰਵਾਸੀ ਭਾਰਤੀ ਭਾਈਚਾਰੇ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ ਕੀਤੀ।
ਅੱਜ ਇੱਥੇ ਵੈੱਬਸਾਈਟ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਪਰਵਾਸੀ ਭਾਰਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਨ ਲਈ ਵੱਡੀ ਪਹਿਲਕਦਮੀ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਐਨ.ਆਈ.ਸੀ. ਦੀ ਮਦਦ ਨਾਲ ਅਤਿ ਆਧੁਨਿਕ ਵੈੱਬਸਾਈਟ ਤਿਆਰ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਵੈੱਬਸਾਈਟ ‘ਤੇ ਐਨ.ਆਰ.ਆਈ. ਪੁਲਿਸ ਵਿੰਗ, ਪੰਜਾਬ ਸਟੇਟ ਕਮਿਸ਼ਨ ਫਾਰ ਐਨ.ਆਰ.ਆਈਜ਼ ਅਤੇ ਐਨ.ਆਰ.ਆਈ ਸਭਾ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਹੈ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵੈੱਬਸਾਈਟ ਸੂਬਾ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਨੂੰ ਸਿੰਗਲ ਕਲਿੱਕ ‘ਤੇ ਦਿੱਤੀਆਂ ਜਾਣ ਵਾਲੀਆਂ ਕਈ ਸਹੂਲਤਾਂ ਵੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਵੈੱਬਸਾਈਟ ਪਰਵਾਸੀ ਭਾਰਤੀਆਂ ਲਈ ਹੋਰ ਸਕੀਮਾਂ ਦਾ ਲਾਭ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਵਿੱਚ ਵੀ ਮਦਦ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵੈੱਬਸਾਈਟ ਹੈਲਪਲਾਈਨ ਨੰਬਰ, ਈ-ਮੇਲ ਪਤੇ ਅਤੇ ਵਟਸਐਪ ਸ਼ਿਕਾਇਤ ਨੰਬਰ ਵੀ ਪ੍ਰਦਾਨ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵੈੱਬਸਾਈਟ ‘ਤੇ ਪੰਜਾਬ ਸਰਕਾਰ ਕੋਲ ਰਜਿਸਟਰਡ ਟਰੈਵਲ ਏਜੰਟਾਂ/ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਕੋਲ ਰਜਿਸਟਰਡ ਇਮੀਗ੍ਰੇਸ਼ਨ ਏਜੰਟਾਂ/ਏਜੰਸੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਵੈੱਬਸਾਈਟ ਉਤੇ ਪੰਜਾਬ ਦੇ ਕੇਂਦਰੀਕ੍ਰਿਤ ਆਨਲਾਈਨ ਸ਼ਿਕਾਇਤ ਪੋਰਟਲ www.connect.punjab.gov.in ਦਾ ਵੀ ਲਿੰਕ ਹੈ ਜਿਸ ਵਿੱਚ ਪਰਵਾਸੀ ਭਾਰਤੀ ਅਤੇ ਹੋਰ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਵੈੱਬਸਾਈਟ ਪਰਵਾਸੀ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਹਾਈ ਸਿੱਧ ਹੋਵੇਗੀ ਜਿਸ ਨਾਲ ਉਨ੍ਹਾਂ ਨੂੰ ਵੱਡੀ ਪੱਧਰ ‘ਤੇ ਸਹੂਲਤ ਮਿਲੇਗੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਨਵੇਂ ਸਾਲ ਦੇ ਫਰਵਰੀ ਮਹੀਨੇ ਦੌਰਾਨ ਪੰਜ ਐਨ.ਆਰ.ਆਈ. ਮਿਲਣੀਆਂ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਮਿਲਣੀਆਂ ਐਨ.ਆਰ.ਆਈ. ਭਰਾਵਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਨ ਵਿੱਚ ਮਦਦ ਕਰਨਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਭਾਰਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
  ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਅੰਤਰਰਾਸ਼ਟਰੀ ਟਰਮੀਨਲ ਦੇ ਪਹੁੰਚ ਹਾਲ (ਐਰਾਈਵਲ ਹਾਲ) ਵਿਖੇ ‘ਪੰਜਾਬ  ਸਹਾਇਤਾ ਕੇਂਦਰ’ ਦੀ ਸਥਾਪਨਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ 24X7 ਕੰਮ ਕਰੇਗਾ ਅਤੇ ਟਰਮੀਨਲ ਵਿਖੇ ਐਨ.ਆਰ.ਆਈਜ਼ ਅਤੇ ਹੋਰ ਮੁਸਾਫ਼ਰਾਂ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੇਂਦਰ ਹਵਾਈ ਅੱਡੇ ਉਤੇ ਉਡਾਨਾਂ ਦੇ ਪਹੁੰਚਣ, ਹੋਰ ਉਡਾਨਾਂ, ਟੈਕਸੀ ਸੇਵਾਵਾਂ, ਸਾਮਾਨ ਗੁਆਚਣ ਬਾਰੇ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰ ਸਹੂਲਤਾਂ ਪ੍ਰਦਾਨ ਕਰੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed